ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਧੂਰੀ ਲਾਈਨ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ । ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਇਲਾਕਾ ਵਾਸੀਆਂ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ । ਇਹ ਗੋਦਾਮ ਕਬਾੜ ਰੱਖਣ ਲਈ ਕਿਰਾਏ ‘ਤੇ ਲਿਆ ਗਿਆ ਸੀ।
ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ । ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਗੋਦਾਮ ਦੇ ਮਾਲਕ ਅਤੇ ਆਸ-ਪਾਸ ਰਹਿੰਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ । ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਗੋਦਾਮ ਦੇ ਮਾਲਕ ਅਨੁਸਾਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੱਸ ਦੇਈਏ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ । ਫਿਲਹਾਲ ਮੁੱਢਲੀ ਜਾਂਚ ਦੌਰਾਨ ਅਜਿਹਾ ਲੱਗ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ । ਅੱਗ ਲੱਗਣ ਤੋਂ ਬਾਅਦ ਗੋਦਾਮ ਵਿੱਚ ਕਈ ਧਮਾਕੇ ਵੀ ਹੋਏ। ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਲੋਕ ਘਰਾਂ ਤੋਂ ਬਾਹਰ ਆਉਣ ਲੱਗੇ । ਅੱਗ ਫੈਲਦੇ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਕਰੀਬ 5 ਤੋਂ 6 ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਸਨ।