ਫਾਜ਼ਿਲਕਾ : ਪੂਰੇ ਪੰਜਾਬ ਭਰ ਵਿੱਚ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸ਼ਾਮ ਵੇਲੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਚੋਣਾਂ ਦੇ ਨਤੀਜ਼ੇ ਐਲਾਨ ਦਿੱਤੇ ਜਾਣਗੇ। ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਧਾਂਦਲੀ ਨਾ ਹੋਵੇ। ਇਸ ਦੇ ਲਈ ਚੋਣ ਕਮਿਸ਼ਨ ਨੇ ਵੀਡੀਓ ਰਿਕਾਰਡਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਫਾਜ਼ਿਲਕਾ ਤੋਂ ਪੰਚਾਇਤੀ ਚੋਣ ਡਿਊਟੀ ਲਈ ਜਲੰਧਰ ਆਏ ਇਕ ਅਧਿਆਪਕ ਦੀ ਸੋਮਵਾਰ ਰਾਤ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਜਲੰਧਰ ਦੇ ਆਦਮਪੁਰ ਥਾਣੇ ਦੇ ਐਸਐਚਓ ਰਵਿੰਦਰ ਪਾਲ ਸਿੰਘ ਨੇ ਦੱਸਿਆ – ਦੇਰ ਰਾਤ ਡਿਊਟੀ ਲਈ ਆਏ ਅਧਿਆਪਕ ਅਮਰਿੰਦਰ ਸਿੰਘ ਦੀ ਮੌਤ ਹੋ ਗਈ ਹੈ।
ਉਹ ਰਾਤ ਕਰੀਬ 10 ਵਜੇ ਪੋਲਿੰਗ ਬੂਥ ‘ਤੇ ਆਪਣੇ ਕਮਰੇ ‘ਚ ਆਰਾਮ ਕਰ ਰਹੇ ਸਨ। ਇਸ ਦੌਰਾਨ ਉਸ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਅਮਰਿੰਦਰ ਸਿੰਘ ਡਿਊਟੀ ਲਈ ਫਾਜ਼ਿਲਕਾ ਤੋਂ ਜਲੰਧਰ ਆਇਆ ਹੋਇਆ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਫਿਲਹਾਲ ਇਹ ਦਿਲ ਦਾ ਦੌਰਾ ਪੈਣ ਦਾ ਮਾਮਲਾ ਜਾਪਦਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਸਪੱਸ਼ਟ ਹੋਵੇਗਾ। ਐੱਸਐੱਚਓ ਰਵਿੰਦਰਪਾਲ ਸਿੰਘ ਨੇ ਦੱਸਿਆ- ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਰਨਾਲਾ ‘ਚ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ
ਬਰਨਾਲਾ ਵਿੱਚ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ।
ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਪੁਲਿਸ ਮੁਲਾਜ਼ਮ ਆਈਆਰਬੀ ਬਰਨਾਲਾ ਵਿਖੇ ਚੋਣ ਡਿਊਟੀ ’ਤੇ ਸੀ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।