‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੰਡਨ ਵਿੱਚ ਸਾਰਾਗੜ੍ਹੀ ਦੇ ਸ਼ਹੀਦ 21 ਸੂਰਬੀਰ ਯੋਧਿਆਂ ਨੂੰ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ। ਲੰਡਨ ਵਿੱਚ ਸਾਰਾਗੜ੍ਹੀ ਦੇ ਨਾਇਕ ਹੌਲਦਾਰ ਈਸ਼ਰ ਸਿੰਘ ਦਾ 9 ਫੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ। ਅਗਲੇ ਸਾਲ 12 ਸਤੰਬਰ ਨੂੰ ਹੌਲਦਾਰ ਈਸ਼ਰ ਸਿੰਘ ਜੀ ਦਾ ਬੁੱਤ ਲੋਕ-ਅਰਪਣ ਕੀਤਾ ਜਾਵੇਗਾ। ਕੌਂਸਲਰ ਭੁਪਿੰਦਰ ਸਿੰਘ ਇਸ ਪੂਰੇ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਹਨ। ਭੁਪਿੰਦਰ ਸਿੰਘ 14 ਸਾਲ ਦੀ ਉਮਰ ਵਿੱਚ ਸਾਰਾਗੜ੍ਹੀ ਦੀ ਤਸਵੀਰ ਤੋਂ ਪ੍ਰਭਾਵਿਤ ਹੋਏ ਸੀ। ਇੰਗਲੈਂਡ ਵਿੱਚ ਵੀ ਹਰ ਸਾਲ 21 ਯੋਧਿਆਂ ਦੀ ਯਾਦ ਵਿੱਚ ਸਾਰਾਗੜ੍ਹੀ ਦਿਵਸ ਮਨਾਇਆ ਜਾਂਦਾ ਹੈ।
ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਨੇੜੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜਮੈਂਟ) ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਅਤੇ ਅਫ਼ਗ਼ਾਨੀ ਪਠਾਣਾਂ ‘ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ ਸੀ।