‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ਦੇ ਮੋਰਚੇ ਵਿੱਚ ਡਟੇ ਕਿਸਾਨਾਂ ਦਾ ਰੋਹ ਹਾਲੇ ਜਾਰੀ ਹੈ। ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਨੂੰ ਵੀ ਲੋਕਾਂ ਦਾ ਗੁੱਸਾ ਝੱਲਣਾ ਪੈ ਰਿਹਾ ਹੈ। ਤਾਜਾ ਸਮਾਚਾਰ ਅਨੁਸਾਰ ਝੱਜਰ ‘ਚ ਰਹਿਣ ਵਾਲੇ ਵਿਸ਼ਵ ਵੀਰ ਜਾਟ ਮਹਾਸਭਾ ਦੇ ਪ੍ਰਧਾਨ ਅਤੇ ਕਿਸਾਨ ਨੇਤਾ ਰਾਜੇਸ਼ ਧਨਖੜ ਨੇ 1 ਦਸੰਬਰ ਨੂੰ ਆਪਣੇ ਪਰਿਵਾਰਕ ਵਿਆਹ ਦੇ ਕਾਰਡ ‘ਤੇ ਭਾਜਪਾ , ਜੇਜੇਪੀ ਅਤੇ ਆਰਐੱਸਐੱਸ ਦੇ ਲੋਕਾਂ ਨੂੰ ਵਿਆਹ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਸਰ ਛੋਟੂ ਰਾਮ ਜੈਅੰਤੀ ਉੱਤੇ ਲੰਘੇ ਕੱਲ੍ਹ ਰੇਵਾੜੀ ਦੇ ਬਾਵਲ ਸਥਿਤ ਅੰਬੇਡਕਰ ਪਾਰਕ ਪਹੁੰਚੇ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਸਟੇਜ ‘ਤੇ ਉਕਤ ਕਾਰਡ ਦਿਖਾਉਂਦੇ ਹੋਏ ਲੋਕਾਂ ਨੂੰ ਭਾਜਪਾ, ਜੇਜੇਪੀ ਅਤੇ ਆਰਐਸਐਸ ਵਿਰੁੱਧ ਇਕਜੁੱਟ ਰਹਿਣ ਦਾ ਸੱਦਾ ਦਿੱਤਾ।
ਜੇਕਰ ਅਸੀਂ ਵਿਆਹ ਦਾ ਕਾਰਡ ਦੇਖੀਏ ਤਾਂ ਵਿਆਹ ਦੇ ਕਾਰਡ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ, ਜੇਜੇਪੀ ਅਤੇ ਆਰਐਸਐਸ ਦੇ ਲੋਕ ਵਿਆਹ ਤੋਂ ਦੂਰ ਰਹਿਣ।ਇਹ ਸੰਦੇਸ਼ ਵਿਆਹ ਦੇ ਕਾਰਡ ‘ਤੇ ਛਾਪਿਆ ਗਿਆ ਹੈ। ਇਸ ਤਰ੍ਹਾਂ ਲਿਖ ਕੇ ਕਿਸਾਨਾਂ ਅਤੇ ਜਾਟ ਆਗੂਆਂ ਨੇ ਸਰਕਾਰ, ਭਾਜਪਾ, ਜੇ.ਜੇ.ਪੀ ਅਤੇ ਆਰ.ਐਸ.ਐਸ ਦੇ ਲੋਕਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹ ਵਿਆਹ 1 ਨਵੰਬਰ ਨੂੰ ਝੱਜਰ ‘ਚ ਹੋਣ ਜਾ ਰਿਹਾ ਹੈ।
ਇਹ ਵੀ ਦੱਸ ਦੇਈਏ ਕਿ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨ ਭਾਜਪਾ ਅਤੇ ਜੇਜੇਪੀ ਦੇ ਨੇਤਾਵਾਂ ਦਾ ਵਿਰੋਧ ਕਰਦੇ ਆ ਰਹੇ ਹਨ। ਧਰਨੇ ਕਾਰਨ ਕਈ ਵਾਰ ਹੰਗਾਮਾ ਵੀ ਹੋ ਚੁੱਕਾ ਹੈ ਪਰ ਵਿਆਹ ਦੇ ਕਾਰਡ ’ਤੇ ਭਾਜਪਾ ਤੇ ਜੇਜੇਪੀ ਆਗੂ ਖ਼ਿਲਾਫ਼ ਲਾਈਨ ਲਿਖਣ ਦਾ ਇਹ ਪਹਿਲਾ ਮਾਮਲਾ ਹੈ। ਵਿਆਹ ਦਾ ਇਹ ਕਾਰਡ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ਯੂਜ਼ਰਸ ਇਸ ਦਾ ਮਜ਼ਾ ਲੈ ਰਹੇ ਹਨ ਅਤੇ ਵਾਰ-ਵਾਰ ਇਹੀ ਸਵਾਲ ਪੁੱਛ ਰਹੇ ਹਨ ਕਿ ਆਖਿਰ ਅਜਿਹਾ ਕੀ ਹੋਇਆ ਕਿ ਤੁਸੀਂ ਵਿਆਹ ਦੇ ਕਾਰਡ ‘ਤੇ ਅਜਿਹੇ ਸੰਦੇਸ਼ ਛਾਪ ਰਹੇ ਹੋ। ਇਸ ਦੇ ਨਾਲ ਹੀ ਕੁਝ ਯੂਜ਼ਰਸ ਕਹਿ ਰਹੇ ਹਨ ਕਿ ਵਿਆਹ ‘ਚ ਨਾ ਬੁਲਾਉਣ ਅਤੇ ਖਾਣੇ ‘ਤੇ ਪੈਸੇ ਖਰਚ ਨਾ ਕਰਨ ਦਾ ਇਹ ਬਹੁਤ ਵਧੀਆ ਤਰੀਕਾ ਹੈ।