Punjab

ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਈਗਲ’,ਪੰਜਾਬ ਭਰ ਵਿੱਚ ਪੁਲਿਸ ਦੀ ਤਲਾਸ਼ੀ ਮੁਹਿੰਮ,ਹੋ ਰਹੀ ਹੈ ਕਾਰਵਾਈ

ਚੰਡੀਗੜ੍ਹ : ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਅੱਜ ਪੰਜਾਬ ਪੁਲਿਸ ਦੀ ਸਪੈਸ਼ਲ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ,ਜਿਸ ਨੂੰ “ਆਪਰੇਸ਼ਨ ਈਗਲ” ਦਾ ਨਾਂ ਦਿੱਤਾ ਗਿਆ । ਇਸ ਅਧੀਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਦੀ ਗਸ਼ਤ ਨੂੰ ਵੱਧਾ ਦਿੱਤਾ ਗਿਆ ਤੇ ਹਰ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਵੀ ਪੁਲਿਸ ਨੇ ਲਗਾਤਾਰ ਚੈਕਿੰਗ ਕੀਤੀ ਹੈ ।

ਹਰ ਇਲਾਕੇ ਦੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ‘ਚ ਤਲਾਸ਼ੀ ਲਈ ਗਈ ਹੈ ਤੇ ਇਸ ਕੰਮ ਲਈ ਖੋਜੀ ਕੁਤਿਆਂ ਦੀ ਵੀ ਮਦਦ ਲਈ ਵੀ ਲਈ ਗਈ । ਇਥੋਂ ਤੱਕ ਕਿ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਹੋਈ ਹੈ। ਕੁੱਝ ਨਿੱਜੀ ਚੈਨਲਾਂ ਵਲੋਂ ਚਲਾਈਆਂ ਜਾ ਰਹੀਆਂ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਤੇ ਮੁਹਾਲੀ ਦੀਆਂ ਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ । ਪੰਜਾਬ ਦੇ ਸਾਰੇ ਜਿਲ੍ਹਿਆਂ ਦੀਆਂ ਆਪਸੀ ਹੱਦਾਂ ਤੇ ਪੰਜਾਬ ਦੀਆਂ ਹੋਰਨਾਂ ਸੂਬਿਆਂ ਨਾਲ ਲਗਦੀਆਂ ਹੱਦਾਂ ਤੇ ਵੀ ਪੂਰੀ ਮੁਸਤੈਦੀ ਵਰਤੀ ਗਈ ।ਸ਼ੱਕੀ ਵਿਅਕਤੀਆਂ ਦੇ ਬੈਗ,ਕਾਰਾਂ ਦੀਆਂ ਡਿੱਗੀਆਂ ਵੀ ਪੁਲਿਸ ਵਲੋਂ ਫਰੋਲੀਆਂ ਗਈਆਂ ਹਨ ਤੇ ਇਸ ਦੌਰਾਨ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਇਹ ਸਾਰੀ ਕਾਰਵਾਈ ਹੋਈ ਹੈ ਤੇ ਹਰ ਜਨਤਕ ਥਾਂ ,ਜਿਵੇਂ ਕਿ ਬੱਸ ਸਟੈਂਡ,ਰੇਲਵੇ ਸਟੇਸ਼ਨ ਆਦਿ ਥਾਵਾਂ ਦੀ ਵੀ ਚੈਕਿੰਗ ਹੋਈ ਹੈ । ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਇਸ ਕਾਰਵਾਈ ਵਿੱਚ ਜੁਟੀ ਹੋਈ ਸੀ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ।