‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮਾਜਿਕ ਸਥਿਤੀ ਕਾਰਨ ਆਪਣੇ ਬੱਚਿਆਂ ’ਤੇ ਦਬਾਅ ਨਾ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਉਮੀਦਾਂ ਦੇ ਬੋਝ ਤੋਂ ਬਾਹਰ ਨਿਕਲਣ ਲਈ ਆਪਣੇ ਕੰਮ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਸਾਲਾਨਾ ਸੰਵਾਦ ਪਰੀਕਸ਼ਾ ਪੇ ਚਰਚਾ ਦੇ ਛੇਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰੀਕਸ਼ਾ ਪੇ ਚਰਚਾ ਦਾ ਇਹ 6ਵਾਂ ਸੰਸਕਰਨ ਹੈ। ਇਸ ਲਈ ਰਜਿਸਟ੍ਰੇਸ਼ਨ 25 ਨਵੰਬਰ ਤੋਂ 30 ਦਸੰਬਰ ਤੱਕ ਕੀਤੀ ਗਈ ਸੀ।
ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਮੇਰਾ ਵੀ ਇਮਤਿਹਾਨ ਹੈ। ਪਰਿਵਾਰਾਂ ਦਾ ਆਪਣੇ ਬੱਚਿਆਂ ਤੋਂ ਉਮੀਦਾਂ ਰੱਖਣੀਆਂ ਸੁਭਾਵਿਕ ਹਨ ਪਰ ਜੇਕਰ ਇਹ ਸਿਰਫ਼ ‘ਸਮਾਜਿਕ ਰੁਤਬਾ’ ਕਾਇਮ ਰੱਖਣ ਲਈ ਹੋਵੇ ਤਾਂ ਇਹ ਖ਼ਤਰਨਾਕ ਹੋ ਜਾਂਦਾ ਹੈ। ਮੋਦੀ ਨੇ ਕਿਹਾ ਕਿ ਤੁਹਾਡੇ ਵਾਂਗ ਸਾਨੂੰ ਵੀ ਆਪਣੇ ਸਿਆਸੀ ਜੀਵਨ ‘ਚ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਚੋਣਾਂ ਦੇ ਸ਼ਾਨਦਾਰ ਨਤੀਜਿਆਂ ਤੋਂ ਹਮੇਸ਼ਾ ‘ਹੋਰ ਸ਼ਾਨਦਾਰ’ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਲਈ, ਚਿੰਤਾ ਨਾ ਕਰੋ; ਅਰਾਮਦੇਹ ਅਤੇ ਹੱਸਮੁੱਖ ਰਹਿੰਦੇ ਹੋਏ ਬਸ ਆਪਣਾ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਚੰਗਾ ਕਰਦੇ ਹੋ, ਤਾਂ ਤੁਹਾਡੇ ਆਲੇ-ਦੁਆਲੇ ਤੋਂ ਹੋਰ ਵੀ ਵਧੀਆ ਕਰਨ ਲਈ ਦਬਾਅ ਹੋਵੇਗਾ। ਇਸ ਤੋਂ ਕੋਈ ਨਹੀਂ ਬਚਿਆ।