ਸੜਕ ਹਾਦਸੇ (Road Accident) ਵਿੱਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਤੜਾਂ ( Patran) ਤੋਂ ਪਟਿਆਲਾ ਰੋਡ ‘ਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਇਹ ਹਾਦਸਾ ਵਾਪਰਿਆ ਹੈ। ਬੱਸ ਅਤੇ ਮਾਰੂਤੀ ਕਾਰ ਦੀ ਹੋਈ ਭਿਆਨਕ ਟੱਕਰ ‘ਚ ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਮੰਗੇਤਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ।
ਮ੍ਰਿਤਕ ਵਿਅਕਤੀ ਭਾਰਤੀ ਫੌਜ ਦਾ ਜਵਾਨ ਸੀ, ਜਿਸ ਦੀ ਪਹਿਚਾਣ ਪ੍ਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਉਮਰ 23 ਸਾਲ ਵਾਸੀ ਪਿੰਡ ਕਪਿਆਲ (ਸੰਗਰੂਰ) ਵਜੋਂ ਹੋਈ ਹੈ। ਉਹ ਆਪਣੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ ਨਾਲ ਕਾਰ ‘ਚ ਸਵਾਰ ਹੋ ਕੇ ਪਟਿਆਲਾ ਤੋਂ ਪਾਤੜਾਂ ਜਾ ਰਿਹਾ ਸੀ। ਜਿੱਥੇ ਅਚਾਨਕ ਇਹ ਹਾਦਸਾ ਵਾਪਰ ਗਿਆ।
ਪ੍ਰਦੀਪ ਸਿੰਘ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਹੈ। ਪ੍ਰਦੀਪ ਸਿੰਘ ਚਾਰ ਸਾਲ ਪਹਿਲਾਂ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ, ਜੋ ਕੁੱਝ ਦਿਨ ਪਹਿਲਾਂ ਹੀ ਫੌਜ ‘ਚੋਂ ਛੁੱਟੀ ਕੱਟਣ ਲਈ ਪਿੰਡ ਆਇਆ ਸੀ। ਉਸ ਦੀ ਮੰਗੇਤਰ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਮ੍ਰਿਤਕ ਪ੍ਰਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ ਵਾਲੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ