ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਸਿੱਖ ਸ਼ਰਧਾਲੂ ਦੀ ਪਛਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ। ਸ਼ਰਧਾਲੂ ਦੀ ਮ੍ਰਿਤਕ ਦੇਹ ਅੱਜ ਸਵੇਰੇ ਲਾਹੌਰ ਪਾਕਿਸਤਾਨ ਵਾਹਗਾ ਸਰਹੱਦ ਰਸਤੇ ਵਤਨ ਭਾਰਤ ਪੁੱਜ ਗਈ ਹੈ, ਜਿੱਥੇ ਅਟਾਰੀ ਸਰਹੱਦ ਵਿਖੇ ਭਾਰਤੀ ਸ਼ਰਧਾਲੂ ਦੀ ਮਿ੍ਤਕ ਦੇਹ ਲੈਣ ਵਾਸਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਭਾਰਤੀ ਸਰਹੱਦ ਅਟਾਰੀ ਵਿਖੇ ਪੁੱਜੇ ਹੋਏ ਸਨ।
ਜਾਣਕਾਰੀ ਮੁਤਾਬਕ ਭਾਰਤੀ ਸ਼ਰਧਾਲੂ ਦੀ ਉਮਰ ਕਰੀਬ 60 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਕਿਹੜਾ ਨੈਸੀ ਦੇ ਵਸਨੀਕ ਸਨ। ਉਨ੍ਹਾਂ ਨਾਲ ਗੁਰਧਾਮ ਯਾਤਰਾ ’ਤੇ ਪਾਕਿਸਤਾਨ ਆਏ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਰਪੰਚ ਮੇਵਾ ਸਿੰਘ ਵਾਸੀ ਸਲਪਾਨੀ ਕਲਾਂ ਨੇ ਦੱਸਿਆ ਕਿ ਕਿ ਜਿਉਂ ਹੀ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਤੋਂ ਜੱਥਾ ਦਰਸ਼ਨ ਕਰਕੇ ਸ਼ਾਮ 6 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ,ਉਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਪ੍ਰੀਤਮ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰੀਤਮ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।