India Punjab

ਹਿਮਾਚਲ ’ਚ ਚੰਡੀਗੜ੍ਹ ਪੁਲਿਸ ਦੇ ਸਿੱਖ ਅਫ਼ਸਰ ਨਾਲ ਹੋਇਆ ਮਾੜਾ ਸਲੂਕ

ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਸਪੈਨਿਸ਼ ਕਪਲ਼ ‘ਤੇ ਹੋਏ ਹਮਲੇ ਦਾ ਮਾਮਲੇ ਹਾਲੇ ਠੰਡਾ ਨਹੀਂ ਹੋਇਆ ਕਿ ਚੰਡੀਗੜ੍ਹ ਪੁਲਿਸ ਦੇ ਇਕ ਏਐਸਆਈ ਪਰਮਜੀਤ ਸਿੰਘ ’ਤੇ ਉਨ੍ਹਾਂ ਦੇ ਪਰਵਾਰ ਨਾਲ ਹਿਮਾਚਲ ਪ੍ਰਦੇਸ਼ ’ਚ ਮਾੜਾ ਵਿਵਹਾਰ ਹੋਣ ਦੀ ਖ਼ਬਰ ਮਿਲੀ ਹੈ। ਡਲਹੌਜ਼ੀ ਦੇ ਸਥਾਨਕ ਨਿਵਾਸੀਆਂ ਨੇ ਚੰਡੀਗੜ੍ਹ ’ਚ ਨਵੀਂ ਐਮ.ਪੀ. ਕੰਗਨਾ ਰਨੌਤ ਦੇ ਥੱਪੜ ਮਾਰੇ ਜਾਣ ਦਾ ਹਵਾਲਾ ਦਿੰਦਿਆਂ ਪਰਮਜੀਤ ਸਿੰਘ ਨਾਲ ‘ਬਦਤਮੀਜ਼ੀ ਕੀਤੀ।’

ਮਿਲੀ ਜਾਣਕਾਰੀ ਅਨੁਸਾਰ ਏਐਸਆਈ ਪਰਮਜੀਤ ਸਿੰਘ ਅਪਣੇ ਪਰਵਾਰ ਨਾਲ ਛੁਟੀਆਂ ’ਚ ਪਹਾੜਾਂ ’ਤੇ ਘੁੰਮਣ ਲਈ ਡਲਹੌਜ਼ੀ ਲਾਗਲੇ ਸਟੇਸ਼ਨ ਖਜਿਆਰ ਆਏ ਸਨ। ਜਦੋਂ ਉਨ੍ਹਾਂ ਪਹਿਲਾਂ ਤੋਂ ਖੜ੍ਹੀਆਂ ਕਾਰਾਂ ਨਾਲ ਅਪਣੀ ਕਾਰ ਖੜ੍ਹੀ ਕੀਤੀ, ਤਾਂ ਕੁਝ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਨਾਲ ਹੀ ਟਿਪਣੀਆਂ ਕੀਤੀਆਂ, ‘‘ਤੁਸੀਂ ਅਪਣੇ ਸੂਬੇ ’ਚ ਸਾਡੇ ਐਮਪੀ ਦੇ ਥੱਪੜ ਮਾਰਿਆ ਤੇ ਹੁਣ ਸਾਡੇ ਤੋਂ ਆਸ ਕਰਦੇ ਹੋ ਕਿ ਅਸੀਂ ਤੁਹਾਡਾ ਸਵਾਗਤ ਕਰੀਏ।

ਉਸ ਵੇਲੇ ਮਾਮਲਾ ਹੋਰ ਵੀ ਵਿਗੜ ਗਿਆ, ਜਦੋਂ ਹਿਮਾਚਲ ਪੁਲਿਸ ਦੇ ਇਕ ਏਐਸਆਈ ਨੇ ਵੀ ਕਥਿਤ ਤੌਰ ’ਤੇ ਪਰਮਜੀਤ ਸਿੰਘ ਨਾਲ ਮਾੜਾ ਵਿਹਾਰ ਕੀਤਾ। ਇਸ ਘਟਨਾ ਤੋਂ ਬਾਅਦ ਪਰਮਜੀਤ ਸਿੰਘ ਉਸੇ ਦਿਨ (9 ਜੂਨ ਨੂੰ) ਚੰਡੀਗੜ੍ਹ ਪਰਤ ਆਏ ਤੇ ਤੁਰਤ ਈ-ਮੇਲ ਰਾਹੀਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਸ਼ਿਕਾਇਤ ਭੇਜੀ।

ਦੱਸ ਦਈਏ ਕਿ ਇਸ ਤੋਂ ਵੀ ਇੱਕ NIR ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੁੱਟਮਾਰ ਕੀਤੀ ਗਈ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਦੱਸ ਦਈਏ ਅੰਮ੍ਰਿਤਸਰ ਦਾ ਪੀੜਤ ਪਰਿਵਾਰ ਸਪੇਨ ਵਿਚ ਰਹਿੰਦਾ ਜੋ ਕਿ ਘੁੰਮਣ ਲਈ ਹਿਮਾਚਲ ਆਇਆ ਹੋਇਆ ਸੀ।

ਇਸ ਦੌਰਾਨ NRI ਮਹਿਲਾ ਨੇ ਦੱਸਿਆ ਸੀ ਕਿ ਉਹ ਤੇ ਉਸ ਦਾ ਪਤੀ ਅਤੇ ਉਸ ਦਾ ਦਿਓਰ ਹਿਮਾਚਲ ਘੁੰਮਣ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਨਾਲ ਉਸ ਦੇ ਪਤੀ ਤੇ ਦਿਓਰ ਦੀ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਠੇਕੇਦਾਰ ਨੇ ਉਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਜਿਸ ਦੇ ਚੱਲਦਿਆਂ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਔਰਤ ਵਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਪਰ ਹਿਮਾਚਲ ਦੀ ਪੁਲਿਸ ਨੇ ਇਹ ਵੀਡੀਓ ਡਿਲੀਟ ਕਰਵਾ ਦਿੱਤੀ। ਔਰਤ ਨੇ ਕਿਹਾ ਸੀ ਕਿ ਪੁਲਿਸ ਦੇ ਦਖਲ ਦੇਣ ਮਗਰੋਂ ਉਹਨਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਉਸ ਨੇ ਆਪਣੇ ਪਤੀ ਤੇ ਆਪਣੇ ਦੇਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਹੁਣ NRI ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।