International

ਕੈਨੇਡਾ ’ਚ ਕੰਮ ਕਰ ਰਹੇ ਪੰਜਾਬੀਆਂ ਨੂੰ ਝਟਕਾ, ਵਿਦੇਸ਼ੀ ਕਾਮਿਆਂ ਨੂੰ ਘਟਾਉਣ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਕੈਨੇਡਾ ’ਚ ਕੰਮ ਕਰ ਰਹੇ ਪੰਜਾਬੀਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਹੁਣ ਅਸਥਾਈ ਕਾਮਿਆਂ ਦੀ ਗਿਣਤੀ ਹੋਰ ਘਟਾਏਗਾ।  PM ਜਸਟਿਨ ਟਰੂਡੋ ਨੇ ਇਸਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਕੰਪਨੀਆਂ ’ਤੇ ਸਖ਼ਤ ਨਿਯਮ ਲਾਗੂ ਹੋਣਗੇ।

ਜਸਟਿਨ ਟਰੂਡੋ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੇ ਐਲਾਨ ਨੇ ਭਾਰਤੀ ਪ੍ਰਵਾਸੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਲਿਖਿਆ, “ਅਸੀਂ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਨੂੰ ਘਟਾਉਣ ਜਾ ਰਹੇ ਹਾਂ।”

ਉਨ੍ਹਾਂ ਨੇ ਕਿਹਾ ਕਿ “ਅਸੀਂ ਕੰਪਨੀਆਂ ਲਈ ਇਹ ਸਾਬਤ ਕਰਨ ਲਈ ਸਖ਼ਤ ਨਿਯਮ ਪੇਸ਼ ਕਰ ਰਹੇ ਹਾਂ ਕਿ ਉਹ ਕੈਨੇਡੀਅਨ ਕਾਮਿਆਂ ਨੂੰ ਕਿਉਂ ਨਹੀਂ ਰੱਖ ਸਕਦੀਆਂ।” ਕੈਨੇਡਾ ਵਿੱਚ ਭਾਰਤੀ ਕਾਮੇ ਅਤੇ ਵਿਦਿਆਰਥੀ ਪਹਿਲਾਂ ਹੀ ਬਹੁਤ ਸੀਮਤ ਪਲੇਸਮੈਂਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ‘ਚ ਟਰੂਡੋ ਦਾ ਇਹ ਕਦਮ ਸਥਿਤੀ ਨੂੰ ਹੋਰ ਵੀ ਮੁਸ਼ਕਲ ਬਣਾ ਦੇਵੇਗਾ।

ਸਰਕਾਰ ਪ੍ਰਵਾਸੀਆਂ ਨੂੰ ਘਟਾਏਗੀ
ਕੈਨੇਡਾ ਵਿੱਚ ਲੋਕਪ੍ਰਿਅਤਾ ਘਟਣ ਦੇ ਡਰੋਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਕਈ ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਕਰਨ ਜਾ ਰਹੀ ਹੈ। ਸੀਬੀਸੀ ਨਿਊਜ਼ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਟਰੂਡੋ ਸਰਕਾਰ ਨੇ ਸਾਲ 2025 ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਕੇ 395,000 ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਸਾਲ 2026 ਵਿੱਚ 380000 ਅਤੇ 2027 ਵਿੱਚ 365000 ਤੱਕ ਲਿਆਂਦਾ ਜਾਵੇਗਾ। ਇਸ ਦੌਰਾਨ, ਅਸਥਾਈ ਨਿਵਾਸੀਆਂ ਦੀ ਗਿਣਤੀ 2025 ਵਿੱਚ 30,000 ਘਟ ਕੇ ਲਗਭਗ 3 ਲੱਖ ਰਹਿ ਜਾਵੇਗੀ।