ਪਟਿਆਲਾ : ਪੰਜਾਬ ਦੀਆਂ ਸੜ੍ਹਕਾਂ ਹੁਣ ਖੂਨੀ ਸੜ੍ਹਕਾਂ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਪਟਿਆਲੇ ਦਾ ਸਮਾਣਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਦੋ ਸਕੇ ਭਰਾਵਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਮਾਣਾ-ਪਟਿਆਲਾ ਰੋਡ ’ਤੇ ਪਿੰਡ ਢੈਂਠਲ ਨੇੜੇ ਬੀਤੀ ਰਾਤ ਸੜਕ ’ਤੇ ਖੜ੍ਹੀ ਟਰਾਲੀ ਵਿੱਚ ਕਾਰ ਵੱਜਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਚਾਰ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਸਮਾਣਾ ਦੇ ਸਿਵਲ ਹਸਪਤਾਲ ਤੇ ਦੋ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਦੋਸਤ ਪਟਿਆਲਾ ਤੋਂ ਫ਼ਿਲਮ ਦੇਖ ਕੇ ਪਿੰਡ ਮੁਰਾਦਪੁਰਾ ਪਰਤ ਰਹੇ ਸਨ।
ਸਿਵਲ ਹਸਪਤਾਲ ਸਮਾਣਾ ਵਿੱਚ ਕਾਰ ਵਿਚ ਸਵਾਰ ਸ਼ੈਂਟੀ (19) ਪੁੱਤਰ ਬੁੱਧਰਾਮ ਵਾਸੀ ਪਿੰਡ ਮੁਰਾਦਪੁਰਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਅਜੈ ਪੁੱਤਰ ਕਾਲਾ ,ਵਿਕਰਮਜੀਤ ਸਿੰਘ ਪੁੱਤਰ ਜੋਗਾ ਸਿੰਘ, ਸਰਬਜੀਤ ਸਿੰਘ (17) ਪੁੱਤਰ ਸੋਨੀ, ਜਸਪਾਲ ਸਿੰਘ (27) ਅਤੇ ਚੰਨੀ ਦੋਵੇਂ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਰਾਦਪੁਰਾ ਨਾਲ ਕਾਰ ਵਿਚ ਪਟਿਆਲਾ ਫ਼ਿਲਮ ਦੇਖਣ ਗਏ ਸਨ।
ਫ਼ਿਲਮ ਦੇਖਣ ਮਗਰੋਂ ਰਾਤ ਕਰੀਬ 10 ਵਜੇ ਪਿੰਡ ਢੈਂਠਲ ਨੇੜੇ ਉਨ੍ਹਾਂ ਦੀ ਕਾਰ ਸੜਕ ’ਤੇ ਬਿਨਾਂ ਰਿਫ਼ਲੈਕਟਰ ਤੋਂ ਖੜ੍ਹੀ ਟਰੈਕਟਰ ਟਰਾਲੀ ਵਿੱਚ ਜਾ ਵੱਜੀ। ਉਸ ਨੇ ਦੱਸਿਆ ਕਿ ਉਸ ਨੂੰ, ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਇੱਕ ਗੱਡੀ ਵਿਚ ਕੁਝ ਲੋਕ ਸਮਾਣਾ ਲੈ ਆਏ ਜਦੋਂਕਿ ਚੰਨੀ, ਅਜੈ ਅਤੇ ਵਿਕਰਮਜੀਤ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਗਏ।
ਇਲਾਜ ਦੌਰਾਨ ਜਸਪਾਲ ਸਿੰਘ ਅਤੇ ਉਸ ਦੇ ਭਰਾ ਚੰਨੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਮਾਣਾ ਪੁਲੀਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਸ਼ੈਂਟੀ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।