Punjab

ਪੰਜਾਬ ਵਿੱਚ ਇੱਕ ਦਿਨ ਵਿੱਚ ਹੀ ਪਰਾਲੀ ਦੇ ਮਾਮਲਿਆਂ ਵਿੱਚ ਟੁੱਟਿਆ ਰਿਕਾਰਡ…

ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਦਾ ਰਿਕਾਰਡ ਟੁੱਟ ਗਿਆ। ਸੂਬੇ ਭਰ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 1921 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ 345 ਮਾਮਲੇ ਸਾਹਮਣੇ ਆਏ ਹਨ।

ਪੰਜਾਬ ਦੇ ਕਈ ਸ਼ਹਿਰਾਂ ਦਾ AQI ਖ਼ਰਾਬ ਸ਼੍ਰੇਣੀ ਵਿੱਚ ਰਿਹਾ। ਅੰਮ੍ਰਿਤਸਰ ਦਾ AQI 227, ਲੁਧਿਆਣਾ ਦਾ 245, ਮੰਡੀ ਗੋਬਿੰਦਗੜ੍ਹ ਦਾ 259 ਅਤੇ ਬਠਿੰਡਾ ਦਾ 277 ਦਰਜ ਕੀਤਾ ਗਿਆ।

ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 9594 ਹੋ ਗਈ ਹੈ। ਮੰਗਲਵਾਰ ਨੂੰ 1389 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 221 ਮਾਮਲੇ ਸੰਗਰੂਰ ਦੇ ਸਨ। ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ 226, ਫ਼ਿਰੋਜ਼ਪੁਰ ਤੋਂ 200, ਅੰਮ੍ਰਿਤਸਰ ਤੋਂ 86, ਬਠਿੰਡਾ ਅਤੇ ਫ਼ਰੀਦਕੋਟ ਤੋਂ 97-97, ਫ਼ਤਹਿਗੜ੍ਹ ਸਾਹਿਬ ਤੋਂ 82, ਕਪੂਰਥਲਾ ਤੋਂ 96, ਲੁਧਿਆਣਾ ਵਿੱਚ 75, ਪਟਿਆਲਾ ਜ਼ਿਲ੍ਹੇ ਵਿੱਚ 127 ਅਤੇ ਜਲੰਧਰ ਤੋਂ 66 ਮਾਮਲੇ ਸਾਹਮਣੇ ਆਏ ਹਨ।

ਅੰਕੜਿਆਂ ਮੁਤਾਬਕ ਸਾਲ 2021 ‘ਚ ਬੁੱਧਵਾਰ ਨੂੰ 1796 ਅਤੇ ਸਾਲ 2022 ‘ਚ 1842 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਹੁਣ ਤੱਕ 46 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। ਸਾਲ 2021 ਵਿੱਚ ਇਸ ਸਮੇਂ ਤੱਕ ਪਰਾਲੀ ਸਾੜਨ ਦੇ ਕੁੱਲ 14920 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿੱਚ 17846 ਮਾਮਲੇ ਸਾਹਮਣੇ ਆਏ ਸਨ।

ਪੰਜਾਬ ਵਿੱਚ ਸਰਕਾਰ ਪਰਾਲੀ ਨੂੰ ਪ੍ਰਦੂਸ਼ਣ ਨਹੀਂ ਸਗੋਂ ਕਿਸਾਨਾਂ ਲਈ ਲਾਹੇਵੰਦ ਸੌਦਾ ਬਣਾਉਣ ਵਿੱਚ ਲੱਗੀ ਹੋਈ ਹੈ। ਜਿੱਥੇ ਹੁਣ ਬਹੁਤ ਸਾਰੀਆਂ ਸਨਅਤਾਂ ਕਿਸਾਨਾਂ ਤੋਂ ਖੇਤਾਂ ਵਿੱਚ ਪਰਾਲੀ ਦੀ ਸਿੱਧੀ ਖ਼ਰੀਦ ਕਰ ਰਹੀਆਂ ਹਨ, ਹੁਣ ਇਸ ਦੀ ਵਰਤੋਂ ਗਊ ਸ਼ੈੱਡਾਂ ਵਿੱਚ ਪਸ਼ੂਆਂ ਦੇ ਚਾਰੇ ਲਈ ਵੀ ਕੀਤੀ ਜਾਵੇਗੀ। ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਸਹਿਯੋਗ ਨਾਲ ਗਊ ਸ਼ੈੱਡਾਂ ਲਈ ਪਰਾਲੀ ਦੀ ਖ਼ਰੀਦ ਕੀਤੀ ਜਾਵੇਗੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਮਦਦ ਕਰੇਗਾ।

ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਹਿਲ ਦੇ ਆਧਾਰ ‘ਤੇ ਉਨ੍ਹਾਂ ਪਿੰਡਾਂ ਦੀ ਨਿਗਰਾਨੀ ਕਰਨ, ਜਿੱਥੇ ਪਿਛਲੇ ਸਮੇਂ ਦੌਰਾਨ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਕੂਲੀ ਵਿਦਿਆਰਥੀ ਵਾਤਾਵਰਨ ਮਿੱਤਰ ਬਣ ਕੇ ਜੋ ਭੂਮਿਕਾ ਨਿਭਾ ਰਹੇ ਹਨ, ਉਹ ਬਹੁਤ ਲਾਹੇਵੰਦ ਰਿਹਾ ਹੈ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ।

ਸੂਬੇ ਦੇ 23 ਜ਼ਿਲ੍ਹਿਆਂ ਦੇ ਡੀਸੀ ਹੁਣ ਅਜਿਹੇ ਕਿਸਾਨਾਂ ਦੀ ਭਾਲ ਕਰਨਗੇ ਅਤੇ ਉਨ੍ਹਾਂ ਨੂੰ ਆਮ ਲੋਕਾਂ ਵਿੱਚ ਲਿਆਉਣਗੇ ਜੋ ਕਿ ਪਰਾਲੀ ਦਾ ਵਧੀਆ ਢੰਗ ਨਾਲ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਦੀਆਂ ਵੀਡੀਓਜ਼ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਾਵੇਗਾ, ਤਾਂ ਜੋ ਇਲਾਕੇ ਦੇ ਹੋਰ ਲੋਕ ਵੀ ਪ੍ਰੇਰਨਾ ਲੈ ਸਕਣ।