ਇਟਲੀ : ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਪੰਜਾਬ ਦਾ ਨਾ ਉੱਚਾ ਕੀਤਾ ਹੈ। ਅਜਿਹੀ ਹੀ ਇੱਕ ਤਾਜ਼ਾ ਮਿਸਾਲ ਇਟਲੀ ਤੋਂ ਸਾਹਮਣੇ ਆਈ ਹੈ। ਇਟਲੀ ’ਚ ਹੁਣ 22 ਸਾਲਾਂ ਸਿੱਖ ਸਰਦਾਰ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਪੁੱਤ ਪੜ੍ਹਾਈ ਵਿਚ ਪਹਿਲਾ ਤੋਂ ਹੁਸ਼ਿਆਰ ਸੀ। ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭਾਰਟਾ ਕਲਾ ਦਾ ਜੰਮਪਲ ਹਰਮਨਦੀਪ ਸਿੰਘ ਕਰੀਬ 8 ਸਾਲ ਦੀ ਉਮਰ ਵਿਚ ਇਟਲੀ ਪਹੁੰਚਿਆ ਸੀ। ਜੋ ਕਿ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ ਵਿਚ ਪਰਿਵਾਰ ਨਾਲ ਰਹਿੰਦਾ ਹੈ।
ਜਿਸਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਕਰਦਿਆਂ ਵੇਰੋਨਾ ਤੋਂ ਟ੍ਰੇਨ ਦੇ ਚਾਲਕ ਲਈ ਕੋਰਸ ਕੀਤਾ ਸੀ। ਟੈਸਟ ਪਾਸ ਹੋਣ ਤੋਂ ਬਾਅਦ ਉਸਨੇ ਬੁਲਜਾਨੋ ਦੀ ਐਸ.ਏ.ਡੀ ਟਰਾਂਸਪੋਰਟ ਵਿੱਚ ਨੌਕਰੀ ਪ੍ਰਾਪਤ ਕੀਤੀ। ਜਿੱਥੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਨੌਜਵਾਨ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕੀਤੀ। ਜੋ ਕਿ ਤਰੇਂਤੋ ਤੋਂ ਬਰੇਨਾਰੋ ਤੱਕ ਟ੍ਰੇਨ ਲੈਕੇ ਜਾਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਪੁੱਤ ਨੇ ਵਿਦੇਸ਼ ਵਿਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।