ਕੁੱਪ ਕਲਾਂ : ਚੰਗੇ ਭਵਿੱਖ ਦੀ ਤਲਾਸ਼ ਵਿੱਚ ਸੱਤ ਸਮੁੰਦਰੋਂ ਪਾਰ ਗਏ ਨੌਜਵਾਨ ਜਦੋਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਹੁਣ ਇੱਕ ਹੋਰ ਦੁਖਦਾਈ ਖ਼ਬਰ ਅਮਰੀਕਾ ਦੀ ਧਰਤੀ ਤੋਂ ਆਈ ਹੈ, ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸਬੰਧਿਤ ਪਿੰਡ ਕੁੱਪ ਕਲਾਂ ਦੇ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
21 ਸਾਲਾ ਨੌਜਵਾਨ ਜਸਨੂਰ ਸਿੰਘ ਔਲਖ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਘਵੀਰ ਸਿੰਘ ਲਾਡੀ ਦਾ ਸਪੁੱਤਰ ਸੀ ਜੋ ਇੰਡੀਆਨਾ ਦੇ ਸ਼ਹਿਰ ਫਿਸ਼ਰ ਵਿੱਚ ਮਕੈਨੀਕਲ ਦਾ ਡਿਪਲੋਮਾ ਕਰਕੇ ਟੈਕਨੀਸ਼ੀਅਨ ਬਣਿਆ ਅਤੇ ਹੁਣ ਟੋਇਟਾ ਕੰਪਨੀ ਵਿੱਚ ਬਤੌਰ ਟੈਕਨੀਸ਼ੀਅਨ ਕੰਮ ਕਰ ਰਿਹਾ ਸੀ। ਬੀਤੇ ਦਿਨ ਜਸਨੂਰ ਸਿੰਘ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸਦੇ ਨਾਲ ਹੀ ਉਸ ਨੂੰ ਗੱਡੀਆਂ ਮੌਡੀਫਾਈ ਕਰਨ ਦਾ ਵੀ ਸ਼ੌਂਕ ਸੀ। ਪਿਛਲੇ ਦਿਨੀਂ ਉਸ ਨੇ ਗੱਡੀਆਂ ਦੇ ਈਵੈਂਟ ਵਿੱਚ ਮਿਡਵੈਸਟ ਸਮਰ ਫ਼ੀਸਟ ਵਿੱਚ ਇਨਾਮ ਵੀ ਹਾਸਲ ਕੀਤਾ ਸੀ। ਨੌਜਵਾਨ ਦੀ ਅਚਾਨਕ ਬੇਵਕਤੀ ਮੌਤ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।
ਨੌਜਵਾਨ ਦੀ ਇਸ ਬੇਵਕਤੀ ਮੌਤ ਤੇ ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਸਮੇਤ ਸੀਨੀਅਰ ਆਪ ਲੀਡਰਸ਼ਿਪ, ਇਲਾਕੇ ਦੇ ਪੰਚਾਂ ਸਰਪੰਚਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।