The Khalas Tv Blog International ਅਮਰੀਕਾ ‘ਚ ਪੰਜਾਬ ਦੇ ਉੱਘੇ ਸਾਹਿਤਕਾਰ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਕੀਤਾ ਇਹ ਕਾਰਾ, ਹੋ ਰਹੀ ਨਿੰਦਾ…
International Punjab

ਅਮਰੀਕਾ ‘ਚ ਪੰਜਾਬ ਦੇ ਉੱਘੇ ਸਾਹਿਤਕਾਰ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਕੀਤਾ ਇਹ ਕਾਰਾ, ਹੋ ਰਹੀ ਨਿੰਦਾ…

ਅਮਰੀਕਾ :  ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵੱਡਾ  ਨਾਮ ਖੱਟਿਆ ਹੈ ਤੇ ਆਪਣੇ ਅਲੱਗ ਮੁਕਾਮ ਬਣਾਏ ਹਨ ਪਰ ਵਿਦੇਸ਼ੀ ਧਰਤੀ ਤੇ ਵਾਪਰਦਿਆਂ ਕਈ ਘਟਨਾਵਾਂ ਕਈ ਬਾਰ ਮਨ ਨੂੰ ਖੱਟਾ ਕਰ ਦਿੰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਵਾਪਰੀ ਅਮਰੀਕਾ ਦੇ ਕੁਈਨਜ਼ ਸਟਰੀਟ ਵਿੱਚ,ਜਿੱਥੇ  ਪੰਜਾਬ ਦੇ ਇੱਕ ਉੱਘੇ ਸਾਹਿਤਕਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਲੁੱਟ-ਖੋਹ ਦੌਰਾਨ ਹਮਲਾ ਕਰ ਦਿੱਤਾ। ਇਹ ਘਟਨਾ ਰਾਤ ਦੇ ਕਰੀਬ 9 ਵਜੇ ਵਾਪਰੀ। ਪੀੜਤ ਬਜ਼ੁਰਗ 82 ਸਾਲਾ ਓਂਕਾਰ ਸਿੰਘ ਰਿਚਮੰਡ ਹਿੱਲ ਦੀ 112 ਸਟਰੀਟ ਅਤੇ ਲਿਬਰਟੀ ਐਵਿਨਿਊ ਦੇ ਕੋਨੇ ‘ਤੇ,ਪੈਦਲ ਜਾ ਰਹੇ ਸੀ ਕਿ ਅਚਾਨਕ ਪਿੱਛੋਂ ਦੋ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਦੇ ਕਈ ਮੁੱਕੇ ਮਾਰੇ।

ਇਸ ਦੌਰਾਨ ਬਜ਼ੁਰਗ ਉਨ੍ਹਾਂ ਨੂੰ ਨਾ ਮਾਰਨ ਲਈ ਬੇਨਤੀ ਕਰਦਾ ਰਿਹਾ ਤੇ ਉਨ੍ਹਾਂ ਨੂੰ ਜੇਬ ਵਿਚਲੇ ਸਾਰੇ ਪੈਸੇ ਦੇਣ ਦੀ ਵੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਬਜ਼ੁਰਗ ਨੂੰ ਨਹੀਂ ਛੱਡਿਆ।ਇਸ ਕੁੱਟਮਾਰ ਦੌਰਾਨ ਬਜ਼ੁਰਗ ਓਂਕਾਰ ਸਿੰਘ ਫੁੱਟਪਾਥ ‘ਤੇ ਡਿਗ ਪਏ। ਉਨ੍ਹਾਂ ਦੇ ਚਿਹਰੇ ਅਤੇ ਛਾਤੀ ਦੇ ਸੱਜੇ ਪਾਸੇ ਸੱਟਾਂ ਲੱਗੀਆਂ ਅਤੇ ਸੋਜ਼ਸ਼ ਵੀ ਆ ਗਈ।

ਓਂਕਾਰ ਸਿੰਘ ,ਹਮਲੇ ਦੇ ਸ਼ਿਕਾਰ ਹੋਏ ਬਜ਼ੁਰਗ

ਉੱਘੇ ਸਾਹਿਤਕਾਰ ਓਂਕਾਰ ਸਿੰਘ ਨੇ ਆਪਣੇ ਤੇ ਹੋਏ ਹਮਲੇ ਬਾਰੇ ਦੱਸਦਿਆਂ ਕਿਹਾ “ ਉਨ੍ਹਾਂ ਨੇ ਮੈਨੂੰ ਸੀਨੇ ਵਿੱਚ ਮਾਰਿਆ; ਮੈਂ ਹੇਠਾਂ ਡਿਗ ਗਿਆ ਤੇ ਮੇਰੇ ਕੋਲ ਮੇਰਾ ਫ਼ੋਨ ਸੀ, ਉਹ ਇਸ ਨੂੰ ਲੈ ਕੇ ਭੱਜ ਗਏ।ਇਹ ਬਹੁਤ ਦੁਖਦਾਈ ਹੈ।ਉਹ ਗਲੀ ਦੇ ਵਿਗੜੇ ਮੁੰਡੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੀ ਚੰਗੀ ਵਰਤੋਂ ਬਾਰੇ ਕੁੱਝ ਨਹੀਂ ਪਤਾ।”

ਇਸ ਘਟਨਾ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਜਮਾਇਕਾ ਦੇ ਹਸਪਤਾਲ ਲਿਜਾਇਆ ਗਿਆ ਸੀ ਤੇ ਡਿਸਚਾਰਜ ਮਗਰੋਂ ਹੁਣ ਉਹ ਘਰ ਵਿੱਚ ਹੀ ਹਨ। ਉਨ੍ਹਾਂ ਦੇ ਜਬਾੜੇ ਵਿੱਚ ਅਜੇ ਵੀ ਸੋਜ ਹੈ। ਇਸ ਮਸਲੇ ਨੂੰ ਲੈ ਕੇ NYPD ਹੇਟ ਕ੍ਰਾਈਮਜ਼ ਯੂਨਿਟ ਨੇ ਹਾਲ ਹੀ ਵਿੱਚ ਸਿੱਖ ਭਾਈਚਾਰੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਾਂਚ ‘ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਉੱਧਰ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਪੀੜਤ ਦਾ ਮੋਬਾਈਲ ਫ਼ੋਨ ਲੈ ਕੇ ਅਣਪਛਾਤੀ ਦਿਸ਼ਾ ਵੱਲ ਫ਼ਰਾਰ ਹੋਏ ਸੀ। ਫ਼ਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਦੇ ਅਨੁਸਾਰ, ਇਸ ਹਮਲੇ ਦੀ ਫ਼ਿਲਹਾਲ ਨਫ਼ਰਤੀ ਅਪਰਾਧ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ, ਪਹਿਲੀ ਨਜ਼ਰੇ ਦੇਖਣ ਨੂੰ ਇਹ ਮਾਮਲਾ ਲੁੱਟ ਖੋਹ ਦਾ ਲੱਗ ਰਿਹਾ ਹੈ।

Exit mobile version