ਫਾਜ਼ਿਲਕਾ : ਫਾਜ਼ਿਲਕਾ ਵਿੱਚ ਮੁੱਖ ਮੰਤਰੀ ਮਾਨ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੀ ਸਪੀਚ ਦੌਰਾਨ ਹੀ ਪੀਟੀਆਈ ਦੀ ਇੱਕ ਅਧਿਆਪਕਾ ਵੱਲੋਂ ਮਾਨ ਦੇ ਵਿਰੋਧ ਵਿੱਚ ਨਾਅਰਾ ਲਾਇਆ ਗਿਆ। ਮਾਨ ਦੇ ਪਿੱਛੇ ਖੜੇ ਕੁਝ ਪੁਲਿਸ ਕਰਮੀ ਸ਼ਾਇਦ ਉਸ ਅਧਿਆਪਕਾ ਨੂੰ ਚੁੱਪ ਕਰਵਾਉਣ ਲਈ ਗਏ। ਉਸ ਤੋਂ ਬਾਅਦ ਮਾਨ ਨੇ ਆਪਣੀ ਸਪੀਚ ਜਾਰੀ ਰੱਖਦਿਆਂ ਕਿਹਾ ਕਿ ਕੋਈ ਗੱਲ ਨਹੀਂ, ਇਹ ਵੀ ਪੁਰਾਣੀਆਂ ਸਰਕਾਰਾਂ ਤੋਂ ਪੀੜਤ ਹਨ।
ਮਾਨ ਨੇ ਦਾਅਵਾ ਕੀਤਾ ਕਿ ਸਾਰਿਆਂ ਨੂੰ ਨੌਕਰੀ ਮਿਲੇਗੀ। ਤੁਹਾਨੂੰ ਹੀ ਨੌਕਰੀਆਂ ਮਿਲਣਗੀਆਂ, ਸਮਾਂ ਤਾਂ ਦੇ ਦਿਓ, ਹਾਲੇ ਤਾਂ ਪੁਰਾਣੀਆਂ ਸਰਕਾਰਾਂ ਦੀ ਬੀਜੇ ਕੰਡੇ ਹੀ ਚੁੱਗ ਰਹੇ ਹਾਂ। ਜਦੋਂ ਸਕੂਲ ਹੀ ਵਧੀਆ ਬਣਾ ਰਹੇ ਹਾਂ, ਤਾਂ ਫਿਰ ਪੀਟੀਆਈ ਟੀਚਰ ਵੀ ਤਾਂ ਚਾਹੀਦੇ ਹਨ। ਮਾਨ ਨੇ 25 ਹਜ਼ਾਰ 886 ਨੌਕਰੀਆਂ ਦੇਣ ਦਾ ਦਾਅਵਾ ਕੀਤਾ। ਮਾਨ ਨੇ ਟੈਂਕੀਆਂ ਉੱਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਘਰਾਂ ਵਿੱਚ ਜਾਣ ਦੀ ਵੀ ਅਪੀਲ ਕੀਤੀ।
ਸਰਕਾਰ ਕੋਰਟ ਵਿੱਚ ਕਲੀਅਰ ਕਰਾ ਕੇ ਨੌਕਰੀਆਂ ਦਾ ਰਾਹ ਪੱਧਰ ਕਰ ਰਹੀ ਹੈ। ਮਾਨ ਨੇ ਜ਼ੀਰਾ ਫੈਕਟਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਹੀ ਸਾਡੇ ਕੋਲ ਕਾਨੂੰਨੀ ਦਸਤਾਵੇਜ਼ ਆ ਗਏ, ਅਸੀਂ ਉਸੇ ਵੇਲੇ ਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਇੱਦਾਂ ਲੱਗਦਾ ਹੈ ਕਿ ਸੜਕਾਂ ਉੱਤੇ ਪੋਸਟਰ ਫੜ ਕੇ ਅਖਬਾਰ ਵਿੱਚ ਖ਼ਬਰ ਆ ਜਾਵੇਗੀ ਅਤੇ ਸਾਡਾ ਕੰਮ ਬਣ ਜਾਵੇਗਾ।
ਮਾਨ ਨੇ ਅਪੀਲ ਕੀਤਾ ਕਿ ਖ਼ਬਰਾਂ ਆਉਣ ਤੋਂ ਪਹਿਲਾਂ ਮੇਰੇ ਕੋਲ ਆ ਜਾਓ, ਮੈਂ ਕਿਹੜਾ ਕਦੇ ਜਵਾਬ ਦਿੱਤਾ। ਨਾਅਰੇ ਲਾਉਣਾ ਤੁਹਾਡਾ ਹੱਕ ਹੈ ਪਰ ਤਰੀਕੇ ਨਾਲ ਮੇਜ਼ ਉੱਤੇ ਬੈਠ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਪੁਰਾਣੇ ਮੰਤਰੀ 15 ਸਾਲਾਂ ਵਿੱਚ ਜਿੰਨਾ ਲੋਕਾਂ ਕੋਲ ਨਹੀਂ ਆਏ, ਮੈਂ ਪੰਜ ਮਹੀਨਿਆਂ ਵਿੱਚ ਓਨੀ ਵਾਰ ਲੋਕਾਂ ਕੋਲ ਜਾ ਆਇਆ ਹਾਂ। ਮੈਂ ਘਰੇ ਦਿਲ ਨਹੀਂ ਲੱਗਦਾ, ਮੈਂ ਪੰਜਾਬ ਨੂੰ ਸੰਵਾਰਨ ਲਈ ਹਰ ਸਮੇਂ ਤਿਆਰ ਰਹਿੰਦਾ ਹਾਂ। ਪੰਜ ਸਾਲਾਂ ਵਿੱਚ ਜੇ ਮੈਂ ਪੰਜਾਬ ਦੀ ਕਿਸਮਤ ਚਮਕਾਉਣ ਵਿੱਚ ਕਾਮਯਾਬ ਹੋ ਗਿਆ, ਮੈਨੂੰ ਲੱਗਦਾ ਹੈ ਕਿ ਮੈਨੂੰ ਥੋੜਾ ਸਕੂਨ ਮਿਲ ਜਾਵੇਗਾ, ਫਿਰ ਇਸ ਦੁਨੀਆ ਤੋਂ ਜਾਣ ਲੱਗਿਆਂ ਮੈਂ ਸਕੂਨ ਨਾਲ ਜਾ ਸਕਾਂਗਾ।