ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ 2704 ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਸਰਹੱਦ ਸੜਕ ਮਾਰਗ ਤੋਂ ਪਾਕਿਸਤਾਨ ਰਵਾਨਾ ਹੋਵੇਗਾ। ਕੁੱਲ 5822 ਭਾਰਤੀ ਸ਼ਰਧਾਲੂਆਂ ਨੇ ਪਾਕਿਸਤਾਨ ਦੂਤਾਵਾਸ ਵਿਚ ਵੀਜ਼ੇ ਲਈ ਅਪਲਾਈ ਕੀਤਾ ਸੀ। ਇਨ੍ਹਾਂ ਵਿਚੋਂ 50 ਫ਼ੀਸਦੀ ਤੋਂ ਵਧ ਸ਼ਰਧਾਲੂਆਂ ਦੇ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਐੱਸਜੀਪੀਸੀ ਨੇ ਇਸ ਵਾਰ 1684 ਪਾਸਪੋਰਟ ਵੀਜ਼ੇ ਲਈ ਅਪਲਾਈ ਕੀਤੇ ਸਨ ਜਿਨ੍ਹਾਂ ਵਿਚੋਂ 788 ਵੀਜ਼ੇ ਰੱਦ ਹੋਣ ਨਾਲ ਹੁਣ ਸਿਰਫ਼ 876 ਸ਼ਰਧਾਲੂ ਹੀ ਪਾਕਿ ਯਾਤਰਾ ‘ਤੇ ਜਾ ਸਕਣਗੇ। ਇਸੇ ਤਰ੍ਹਾਂ ਹੋਰ ਸੰਗਠਨਾਂ ਦੇ ਵੀ ਭਾਰੀ ਗਿਣਤੀ ਵਿਚ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ ਹੈ। ਐੱਸਜੀਪੀਸੀ ਕਾਰਜਕਾਰੀ ਮੈਂਬਰ ਤੇ ਜਥੇ ਦੇ ਮੁਖੀ ਖੁਸ਼ਵਿੰਦਰ ਸਿੰਘ ਭਾਟੀਆ ਨੇ ਪਾਕਿਸਤਾਨ ਦੂਤਘਰ ਵੱਲੋਂ ਘੱਟ ਗਿਣਤੀ ਵਿਚ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਰੋਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੂੰ ਵੀਜ਼ਾ ਪ੍ਰਕਿਰਿਆ ਸਰਲ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਗਿਣਤੀ ਵਿਚ ਵੀਜ਼ੇ ਲਗਾਉਣੇ ਚਾਹੀਦੇ ਹਨ। ਇਸ ਲਈ ਜੇਕਰ ਤਿੰਨ ਹਜ਼ਾਰ ਯਾਤਰੀਆਂ ਦੇ ਕੋਟੇ ਨੂੰ ਵਧਾਉਣਾ ਵੀ ਪਵੇ ਤਾਂ ਪਾਕਿਸਤਾਨ ਸਰਕਾਰ ਨੂੰ ਕੋਟਾ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਸਪੁਰ ਸਾਹਿਬ ਵਿਚ ਹੋਈ ਮਾਸ-ਸ਼ਰਾਬ ਦੀ ਪਾਰਟੀ ਸਬੰਧੀ ਜਾਂਚ ਕਰਨਗੇ।