ਬਰਨਾਲਾ ਦੀ ਜ਼ਿਲ੍ਹਾ ਜੇਲ੍ਹ ਵਿਚ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੱਕਰ ਸਿੰਘ ਵਜੋਂ ਹੋਈ ਹੈ , ਜੋ ਜੇਲ੍ਹ ਦੇ ਅੰਦਰ ਟਾਵਰ ’ਤੇ ਡਿਊਟੀ ’ਤੇ ਤਾਇਨਾਤ ਸੀ। ਜੇਲ੍ਹ ਸੁਪਰਡੈਂਟ ਦੀ ਸੂਚਨਾ ’ਤੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਵਿਚ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਥਾਣਾ ਸਿਟੀ ਦੇ ਐਸ.ਐਚ.ਓ ਮੁਤਾਬਿਕ ਮ੍ਰਿਤਕ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਬੰਦੂਕ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਬਰਨਾਲਾ ਜੇਲ੍ਹ ਸੁਪਰਡੈਂਟ ਦਾ ਫੋਨ ਆਇਆ ਕਿ ਕਰਮਚਾਰੀ ਨੇ ਡਿਊਟੀ ਦੌਰਾਨ ਆਤਮ ਹੱਤਿਆ ਕਰ ਲਈ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਬਿੱਕਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਸਤਬੀਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਬਿੱਕਰ ਸਿੰਘ ਦੀ ਡਿਊਟੀ ਜੇਲ੍ਹ ਦੇ ਟਾਵਰ ’ਤੇ ਸੀ, ਉਸ ਨੇ ਆਪਣੀ ਰਾਈਫਲ ਨਾਲ ਫਾਇਰਿੰਗ ਕੀਤੀ ਪਰ ਫਾਇਰ ਉਸ ਨੂੰ ਹੀ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੀ ਲਾਸ਼ ਨੂੰ ਮੋਰਚਰੀ ’ਚ ਰੱਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਜੇਲ੍ਹ ਅਧਿਕਾਰੀ ਪੁਨੀਤ ਗਰਗ ਨੇ ਦੱਸਿਆ ਕਿ ਜੇਲ੍ਹ ’ਚ ਸੁਰੱਖਿਆ ਲਈ ਬਿੱਕਰ ਸਿੰਘ ਦੀ ਦੁਪਹਿਰ 12 ਤੋਂ 3 ਵਜੇ ਤੱਕ ਟਾਵਰ ’ਤੇ ਡਿਊਟੀ ਸੀ। ਜਦੋਂ ਦੂਜਾ ਕਰਮਚਾਰੀ ਤਕਰੀਬਨ 3 ਵਜੇ ਆਪਣੀ ਡਿਊਟੀ ਲਈ ਪਹੁੰਚਿਆ ਤਾਂ ਉਸ ਨੇ ਬਿੱਕਰ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਦੇਖਿਆ ਤਾਂ ਕੋਲ ਹੀ ਉਸ ਦੀ ਰਾਈਫਲ ਪਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਅਜੇ ਜਾਂਚ-ਪੜਤਾਲ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।