ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਜ਼ੀਰਕਪੁਰ ‘ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਲਾਰੈਂਸ ਦੇ ਆਪਰੇਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਵੀਆਈਪੀ ਰੋਡ ’ਤੇ ਮਾਇਆ ਗਾਰਡਨ ਸਿਟੀ ਵਨ ਨੇੜੇ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਮਨਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਉਹ ਖੇੜੀ ਖ਼ੁਰਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਦੂਜਾ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਿਆ।
ਟੀਮ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 2 ਹਥਿਆਰ ਬਰਾਮਦ ਕੀਤੇ ਹਨ। ਇਸ ਵਿੱਚ ਇੱਕ .32 ਅਤੇ ਦੂਜਾ .30 ਬੋਰ ਦਾ ਹਥਿਆਰ ਸ਼ਾਮਲ ਹੈ। ਦੋਵੇਂ ਗੈਂਗਸਟਰ ਇੱਥੇ ਕਿਸੇ ਦਾ ਕਤਲ ਕਰਨ ਆਏ ਸਨ ਪਰ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇੱਥੋਂ ਕਾਬੂ ਕਰ ਲਿਆ ਗਿਆ। ਇਹ ਐਨਕਾਉਂਟਰ ਜ਼ੀਰਕਪੁਰ ਦੇ ਡੀਐਸਪੀ ਅਤੇ ਏਜੀਟੀਐਫ ਮੈਂਬਰ ਵਿਕਰਮ ਬਰਾੜ ਨੇ ਕੀਤਾ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇੱਕ ਵਪਾਰੀ ਦਾ ਕਤਲ ਕਰਨ ਲਈ ਜ਼ੀਰਕਪੁਰ ਇਲਾਕੇ ਵਿੱਚ ਆਏ ਸਨ। ਇਸ ਦੇ ਲਈ ਉਨ੍ਹਾਂ ਨੂੰ ਗੋਲਡੀ ਬਰਾੜ ਨੇ ਵਿਦੇਸ਼ ‘ਚ ਬੈਠ ਕੇ ਟਾਰਗੇਟ ਦਿੱਤਾ ਸੀ। ਉਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਪੁਲਿਸ ਟੀਮ ਦੂਜੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਐੱਸ ਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਇਸ ਤੋਂ ਪਹਿਲਾਂ ਵੀ ਸੈਕਟਰ-80 ਸਥਿਤ ਬਰੂ ਬ੍ਰੋਸ ਕਲੱਬ ਦੇ ਬਾਹਰ ਗੋਲ਼ੀਬਾਰੀ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਫੜਿਆ ਗਿਆ ਸੀ। ਉਸ ਨੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਮੁੜ ਅਪਰਾਧਿਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਜਬਰੀ ਵਸੂਲੀ ਦੇ ਕਈ ਮਾਮਲੇ ਚੱਲ ਰਹੇ ਹਨ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕੰਮ ਕਰਦਾ ਹੈ। ਫ਼ਿਲਹਾਲ ਉਸ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।