Punjab

ਮਹਾਨ ਕੀਰਤਨੀ ਜਥਿਆਂ ਨੂੰ ਸਿਖਲਾਈ ਦੇਣ ਵਾਲੇ ਪ੍ਰੋ.ਅਵਤਾਰ ਸਿੰਘ ਨਾਜ਼ ਦੀ ਕੇਂਦਰੀ ਸਿੱਖ ਅਜਾਇਬ ਘਰ ‘ਚ ਲੱਗੇਗੀ ਤਸਵੀਰ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਰਤਨ ਸਿਖਲਾਈ ਦੇਣ ਵਾਲੇ ਪ੍ਰੋ.ਅਵਤਾਰ ਸਿੰਘ ਨਾਜ਼ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕੀਤਾ। ਬੀਬੀ ਜਗੀਰ ਕੌਰ ਨੇ ਇਹ ਫੈਸਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਨਾਲ ਕੀਤੀ ਗਈ ਇਕੱਤਰਤਾ ਦੌਰਾਨ ਰਾਗੀ ਸਿੰਘਾਂ ਦੀ ਮੰਗ ’ਤੇ ਕੀਤਾ। ਪ੍ਰੋ.ਅਵਤਾਰ ਸਿੰਘ ਨਾਜ਼ ਕਰੀਬ 40 ਸਾਲਾਂ ਤੋਂ ਰਾਗੀ ਜਥਿਆਂ ਨੂੰ ਕੀਰਤਨ ਸਿਖਲਾਈ ਦੇ ਰਹੇ ਹਨ।

ਪ੍ਰੋ. ਅਵਤਾਰ ਸਿੰਘ ਨਾਜ਼ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਦਰ ਰਾਗੀ ਜਥਿਆਂ ਨੂੰ ਕੀਰਤਨ ਸਿਖਲਾਈ ਦਿੰਦੇ ਰਹੇ ਹਨ। ਉਨ੍ਹਾਂ ਪਾਸੋਂ ਕੌਮ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਭਾਈ ਰਵਿੰਦਰ ਸਿੰਘ, ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਕੀਰਤਨੀ ਜਥਿਆਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਇਕੱਤਰਤਾ ਦੌਰਾਨ ਰਾਗੀ ਜਥਿਆਂ ਨਾਲ ਸ਼ਤਾਬਦੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਰਾਗੀ ਜਥਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਂਵਾਂ ’ਤੇ ਗੁਰਮਤਿ ਸਮਾਗਮ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਸਮੇਂ ਰਾਗੀ ਜਥਿਆਂ ਦੀਆਂ ਸੇਵਾਵਾਂ ਅਹਿਮ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਬਾਬਾ ਬਕਾਲਾ ਸਾਹਿਬ, ਧਮਧਾਨ ਸਾਹਿਬ ਸਮੇਤ ਦੇਸ਼ ਅੰਦਰ ਕਈ ਥਾਂਵਾਂ ’ਤੇ ਗੁਰਮਤਿ ਸਮਾਗਮ ਹੋਣਗੇ। ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਸਾਰੇ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਸੰਗਤ ਉੱਪਰ ਗੁਰਬਾਣੀ ਕੀਰਤਨ ਦਾ ਪ੍ਰਭਾਵ ਅਮਿੱਟ ਹੈ, ਇਸ ਲਈ ਸ਼ਤਾਬਦੀਆਂ ਦੌਰਾਨ ਰਾਗੀ ਜਥਿਆਂ ਨੂੰ ਵੱਖ-ਵੱਖ ਥਾਂਵਾਂ ’ਤੇ ਭੇਜਿਆ ਜਾਵੇਗਾ। ਇਸ ਦੌਰਾਨ ਰਾਗੀ ਜਥਿਆਂ ਨੇ ਸ਼ਤਾਬਦੀਆਂ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਆਪਣੀਆਂ ਮੰਗਾਂ ’ਤੇ ਗੌਰ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ।