ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਗੁਰਬਖਸ਼ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ, ਸ. ਧਰਮ ਸਿੰਘ ਵਾਲਾ ਦੀ ਅਗਵਾਈ ਵਿੱਚ ਇੱਕ ਵਫਦ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚਿਆ ਤੇ ਇੱਕ ਬੇਨਤੀ ਪੱਤਰ ਸੌਂਪਿਆ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਕਾਮਾਗਾਟਾ ਮਾਰੂ ਦੇ ਨਾਮ ਤੋਂ ਪਹਿਲਾਂ ‘ਗੁਰੂ ਨਾਨਕ ਜਹਾਜ਼’ ਦੀ ਗੱਲ ਇਤਿਹਾਸ ਦੇ ਅੰਦਰ ਦਰਜ ਹੋਣੀ, ਸਾਡੇ ਅਜਾਇਬ ਘਰਾਂ ਵਿੱਚ, ਕਿਸੇ ਨਾਟਕ ਜਾਂ ਫਿਲਮ ਅੰਦਰ ਇਸ ਨਾਮ ਦਾ ਜ਼ਿਕਰ ਹੋਣਾ ਜ਼ਰੂਰੀ ਹੈ।
ਗਦਰੀ ਬਾਬਿਆਂ ਦੇ ਸੰਘਰਸ਼ਸਾਨੀ ਕਾਮਾਗਾਟਾਮਾਰੂ ਜਹਾਜ਼ ਨੂੰ ਇਸ ਦੇ ਅਸਲੀ ਨਾਮ ‘ਗੁਰੂ ਨਾਨਕ ਜਹਾਜ਼’ ਨਾਲ ਸੰਬੋਧਨ ਕਰਨ ਲਈ 5 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਸਰੀ, ਵੈਨਕੂਟਰ, ਬ੍ਰਿਟਿਸ਼ ਕੌਲੰਬੀਆ, ਰਿਚਮੰਡ ਸਥਿਤ ਵੱਖ- ਵੱਖ ਗੁਰਦੁਆਰਾ ਕਮੇਟੀਆਂ ਵਲੋਂ ਸਰਬਸੰਮਤੀ ਨਾਲ ਤਿੰਨ ਮਤੇ ਪਾਸ ਕੀਤੇ ਗਏ ਜਿਸ ਦੀ ਜਾਣਕਾਰੀ ਵਿਦੇਸ਼ੀ ਸੰਗਤ ਦੇ ਨੁਮਾਇੰਦੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਦਿੱਤੀ। ਇਹ ਤਿੰਨ ਮਤੇ ਹਨ-
- ਕਾਮਾਗਾਟੂਮਾਰੂ ਨਾਂ ਹੇਠ ਬਣਾਈ ਜਾ ਰਹੀ ਇਤਿਹਾਸਕ ਫਿਲਮ ਦਾ ਨਾਮ ਜਹਾਜ਼ ਦੇ ਅਸਲੀ ਨਾਂ ‘ਤੇ ‘ਗੁਰੂ ਨਾਨਕ ਜਹਾਜ਼’ ਰੱਖਿਆ ਜਾਵੇ, ਪਹਿਚਾਣ ਦੇ ਤੌਰ ‘ਤੇ ਕਾਮਾਗਾਟਾਮਾਰੂ ਨੂੰ ਸਬ-ਟਾਈਟਲ ਦੇ ਰੂਪ ‘ਚ ਵਰਤਿਆ ਜਾਵੇ।
- ਕੈਨੇਡਾ ਸਰਕਾਰ ਵਲੋਂ ਇਸ ਘਟਨਾ ਸਬੰਧੀ ਮੰਗੀ ਗਈ ਮੁਆਫੀ ਵਿੱਚ ਸੋਧ ਕਰਕੇ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਅੰਕਿਤ ਕੀਤਾ ਜਾਵੇ
- ਸਿੱਖਿਆ, ਸੱਭਿਆਚਾਰ ਅਤੇ ਸਾਹਿਤ ਆਦਿ ਇਤਿਹਾਸਿਕ ਵਿਰਾਸਤ ਨਾਲ ਸਬੰਧਿਤ ਖੇਤਰਾਂ ਵਿੱਚ ਗੁਰੂ ਨਾਨਕ ਜਹਾਜ਼ ਨਾਮ ਪ੍ਰਚੱਲਿਤ ਕਰਨ ਲਈ ਯਤਨ ਕੀਤੇ ਜਾਣ।
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਮਸਲਾ ਕੈਨੇਡਾ ਨਿਵਾਸੀ ਸਿੱਖਾਂ ਵਲੋਂ ਲਗਾਤਾਰ ਉਠਾਇਆ ਜਾ ਰਿਹਾ ਸੀ ਤੇ ਹੁਣ ਕੈਨੇਡਾ ਦੇ ਵੱਖ-ਵੱਖ ਰਾਜਸੀ ਨੁਮਾਇੰਦਿਆਂ ਨੇ ਵੀ ਇਸ ਮਤੇ ਦੀ ਪ੍ਰੋੜਤਾ ਕੀਤੀ ਹੈ।