ਅੱਜ ਤੜਕਸਾਰ ਹੀ ਪੰਜਾਬ ਵਿਚ ਵੱਡਾ ਹਾਦਸਾ ਵਾਪਰ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਵਿਚ ਬਠਿੰਡਾ ਰੋਡ ‘ਤੇ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਭੈਣ-ਭਰਾ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਭੈਣ ਦੀ ਮੌਤ ਹੋ ਗਈ ਤੇ ਭਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਮ੍ਰਿਤਕਾ ਦੀ ਪਛਾਣ ਅਲੀਸ਼ਾ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 14, ਗਲੀ ਨੰਬਰ 3 ਮਲੋਟ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਸ਼ਮਿੰਦਰ ਸਿੰਘ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਹੈ। ਦੂਜੇ ਪਾਸੇ ਘਟਨਾ ਦੌਰਾਨ ਮਿੱਟੀ ਨਾਲ ਭਰਿਆ ਇੱਕ ਟਿੱਪਰ ਉੱਥੋਂ ਭੱਜਦਾ ਦੇਖਿਆ ਗਿਆ, ਜਿਸਨੂੰ ਦੇਖਦਿਆਂ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਹ ਹਾਦਸਾ ਉਸ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਪੁਲਿਸ ਟਿੱਪਰ ਦੀ ਭਾਲ ਕਰ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਲੀਸ਼ਾ ਕੁਝ ਸਮੇਂ ਬਾਅਦ ਕੈਨੇਡਾ ਜਾਣ ਵਾਲੀ ਸੀ। ਵਾਰਡ ਨੰਬਰ 14 ਦੇ ਕੌਂਸਲਰ ਹਰਮੇਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਬੇਟੀ ਅਲੀਸ਼ਾ ਤੇ ਪੁੱਤਰ ਸ਼ਮਿੰਦਰ ਸਿੰਘ ਮਲੋਟ ਤੋਂ ਗਿੱਦੜਬਾਹਾ ਪੜ੍ਹਾਈ ਕਰਨ ਲਈ ਸੈਂਟਰ ਜਾ ਰਹੇ ਸਨ। ਜਦੋਂ ਉਹ ਮਲੋਟ-ਬਠਿੰਡਾ ਰੋਡ ’ਤੇ ਪਹੁੰਚੇ ਤਾਂ ਉਸਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਹਾਦਸੇ ’ਚ ਧੀ ਅਲੀਸ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਸ਼ਮਿੰਦਰ ਗੰਭੀਰ ਜ਼ਖ਼ਮੀ ਹੈ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਅਲੀਸ਼ਾ ਨੇ ਕੈਨੇਡਾ ਜਾਣਾ ਸੀ। ਉਸ ਦੀ ਫਾਈਲ ਲੱਗੀ ਹੋਈ ਸੀ ਪਰ ਇਸ ਹਾਦਸੇ ਨੇ ਪਰਿਵਾਰ ਨੂੰ ਬਹੁਤ ਦੁੱਖ ਪਹੁੰਚਾਇਆ ਹੈ।
ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕੀਤੀ ਜਾ ਰਹੀ ਹੈ।