ਮੈਕਸੀਕੋ ਵਿੱਚ ਇੱਕ ਬੱਸ ਦੇ 131 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵੀਰਵਾਰ ਨੂੰ ਨਾਇਰਿਤ ‘ਚ ਵਾਪਰੀ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬੱਸ ਵਿੱਚ ਕੁੱਲ 42 ਯਾਤਰੀ ਸਵਾਰ ਸਨ। ਬੱਸ ਵਿੱਚ ਭਾਰਤ ਅਤੇ ਅਫਰੀਕੀ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ ਅਤੇ ਉਨ੍ਹਾਂ ‘ਚੋਂ ਕੁਝ ਅਮਰੀਕੀ ਸਰਹੱਦ ਵੱਲ ਜਾ ਰਹੇ ਸਨ।
ਪੁਲੀਸ ਨੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਰਾਜ ਦੀ ਜਨਤਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਬਚਾਅ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਏਜੰਸੀ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੇ ਇਕ ਬਿਆਨ ‘ਚ ਕਿਹਾ ਕਿ ਇਸ ਘਟਨਾ ‘ਚ ਕਰੀਬ 21 ਯਾਤਰੀ ਜ਼ਖਮੀ ਹੋਏ ਹਨ। ਜ਼ਖਮੀਆਂ ‘ਚ ਇਕ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਹਾਦਸਾ ਸੂਬੇ ਦੀ ਰਾਜਧਾਨੀ ਟੇਪਿਕ ਨੇੜੇ ਵਾਪਰਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬੱਸ ਮੈਕਸੀਕੋ ਸਿਟੀ ਤੋਂ ਰਵਾਨਾ ਹੋਈ ਸੀ ਅਤੇ ਸਰਹੱਦੀ ਸ਼ਹਿਰ ਟਿਜੁਆਨਾ ਵੱਲ ਜਾ ਰਹੀ ਸੀ। ਨਾਇਰਿਤ ਰਾਜ ਸਰਕਾਰ ਨੇ ਕਿਹਾ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਸੜਕ ਦੇ ਇੱਕ ਮੋੜ ‘ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਵੀਰਵਾਰ ਨੂੰ ਮਰਨ ਵਾਲਿਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ। ਨਾਇਰਿਟ ਦੇ ਸੁਰੱਖਿਆ ਅਤੇ ਨਾਗਰਿਕ ਰੱਖਿਆ ਦੇ ਸਕੱਤਰ, ਜੋਰਜ ਬੇਨੀਟੋ ਰੋਡਰਿਗਜ਼ ਨੇ ਕਿਹਾ, “ਬਚਾਅ ਦਾ ਕੰਮ ਬਹੁਤ ਮੁਸ਼ਕਲ ਰਿਹਾ ਹੈ, ਕਿਉਂਕਿ ਖਾਈ ਲਗਭਗ 40 ਮੀਟਰ (131 ਫੁੱਟ) ਡੂੰਘੀ ਸੀ।”