ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਪਿਕਅੱਪ ਵੈਨ ਅਤੇ ਆਟੋ ਰਿਕਸ਼ਾ ਵਿਚਾਲੇ ਜ਼ਬਰਦਸਤ ਟੱਕਰ ਕਾਰਨ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਕਲਿਆਣ-ਨਾਸਿਕ ਹਾਈਵੇਅ ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹੰਗਾਮਾ ਹੋ ਗਿਆ।
ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਇਕ ਤੇਜ਼ ਰਫ਼ਤਾਰ ਪਿਕ-ਅੱਪ ਵਾਹਨ ਇਕ ਆਟੋ ਰਿਕਸ਼ਾ ਨਾਲ ਟਕਰਾ ਗਿਆ, ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਕਰੀਬ 11.30 ਵਜੇ ਓਤੂਰ ਥਾਣਾ ਖੇਤਰ ਅਧੀਨ ਕਲਿਆਣ-ਅਹਿਮਦਨਗਰ ਰੋਡ ‘ਤੇ ਵਾਪਰੀ, ਜੋ ਮੁੰਬਈ ਤੋਂ ਕਰੀਬ 150 ਕਿੱਲੋਮੀਟਰ ਦੂਰ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਪਿਕ-ਅੱਪ ਵਾਹਨ ਅਹਿਮਦਨਗਰ ਤੋਂ ਠਾਣੇ ਜ਼ਿਲੇ ਦੇ ਕਲਿਆਣ ਵੱਲ ਜਾ ਰਿਹਾ ਸੀ ਜਦੋਂ ਪਿੰਪਲਗਾਓਂ ਜੋਗਾ ‘ਚ ਪੈਟਰੋਲ ਪੰਪ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇਕ ਆਟੋਰਿਕਸ਼ਾ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਆਟੋਰਿਕਸ਼ਾ ਵਿੱਚ ਸਵਾਰ ਸੱਤ ਵਿਅਕਤੀਆਂ ਅਤੇ ਪਿਕਅੱਪ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ।