ਬਠਿੰਡਾ : ਲੰਘੇ ਕੱਲ੍ਹ ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਅਣਪਛਾਤੀਆਂ ਔਰਤਾਂ 4 ਦਿਨਾਂ ਦੇ ਨਵਜੰਮੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਈਆਂ। ਇਸ ਨਾਲ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ।
ਬੱਚੇ ਦੀ ਮਾਂ ਬਬਲੀ ਸਮੇਤ ਪਿਤਾ ਪ੍ਰਮੋਦ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੂਚਨਾ ਮਿਲਣ ‘ਤੇ ਸਥਾਨਕ ਥਾਣੇ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬੱਚੇ ਦੀ ਮਾਂ ਤੋਂ ਪੁੱਛਗਿੱਛ ਕੀਤੀ।
ਨਕਲੀ ਨਰਸ ਬਣ ਕੇ ਹਸਪਤਾਲ ਆਈ ਸੀ ਔਰਤ
ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਬੱਚੇ ਨੂੰ ਚੁੱਕ ਕੇ ਲਿਜਾਣ ਵਾਲੀ ਮਹਿਲਾ ਨਕਲੀ ਨਰਸ ਬਣ ਕੇ ਹਸਪਤਾਲ ਆਈ ਸੀ। ਬੱਚਾ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਰਿਸ਼ਤੇਦਾਰੀ ’ਚੋਂ ਇੱਕ 20 ਸਾਲ ਦੀ ਮਹਿਲਾ ਮੁਸਕਾਨ ਨੂੰ ਬੱਚੇ ਦੀ ਦੇਖਭਾਲ ਲਈ ਹਸਪਤਾਲ ’ਚ ਕੋਲ ਰੱਖਿਆ ਸੀ। ਇਸੇ ਦੌਰਾਨ ਇੱਕ ਹੋਰ ਔਰਤ , ਜਿਸਨੇ ਨਰਸਾਂ ਵਾਂਗ ਚਿੱਟਾ ਕੋਟ ਪਾਇਆ ਹੋਇਆ ਸੀ ਤੇ ਮੂੰਹ ’ਤੇ ਮਾਸਕ ਸੀ, ਉਨ੍ਹਾਂ ਕੋਲ ਆਈ ਤੇ ਆ ਕੇ ਕਹਿਣ ਲੱਗੀ ਕਿ ਬੱਚੇ ਦੇ ਟੀਕੇ ਲੱਗਣੇ ਹਨ।
ਬੱਚੇ ਦੀ ਸੰਭਾਲ ਕਰਨ ਵਾਲੀ ਔਰਤ ਬੱਚੇ ਨੂੰ ਚੁੱਕ ਕੇ ਟੀਕਾ ਲਗਾਉਣ ਲਈ ਤੁਰ ਪਈ। ਰਸਤੇ ’ਚ ਦੂਸਰੀ ਔਰਤ, ਜੋ ਟੀਕੇ ਲਗਵਾਉਣ ਲਈ ਕਹਿਣ ਆਈ ਸੀ, ਉਸਨੇ ਬੱਚਾ ਲੈ ਕੇ ਆਈ ਮਹਿਲਾ ਨੂੰ ਕਿਹਾ ਕਿ ਆਧਾਰ ਕਾਰਡ ਵਗੈਰਾ ਵੀ ਚੁੱਕ ਲਿਆਓ ਤੇ ਬੱਚਾ ਉਸਨੇ ਫੜ੍ਹ ਲਿਆ। ਜਦੋਂ ਮਹਿਲਾ ਆਧਾਰ ਕਾਰਡ ਲੈਣ ਗਈ ਤਾਂ ਦੂਜੀ ਮਹਿਲਾ ਬੱਚੇ ਸਮੇਤ ਫਰਾਰ ਹੋ ਚੁੱਕੀ ਸੀ।
ਜੱਚਾ ਬੱਚਾ ਹਸਪਤਾਲ ਦੇ ਐਸਐਮਓ ਸਤੀਸ਼ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਕੋਲ ਬਬਲੀ ਰਾਣੀ ਵਾਸੀ ਪਰਸਰਾਮ ਨਗਰ ਬਠਿੰਡਾ ਡਲਿਵਰੀ ਲਈ ਦਾਖਲ ਹੋਈ ਸੀ, ਜਿਸਦੀ 1 ਦਸੰਬਰ ਨੂੰ ਡਲਿਵਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਕਰੀਬ ਬਾਅਦ ਦੁਪਹਿਰ 1 ਵੱਜ ਕੇ 5 ਮਿੰਟ ’ਤੇ ਮਹਿਲਾ (ਬੱਚਾ ਚੁੱਕਣ ਵਾਲੀ) ਆਈ ਸੀ, ਜੋ ਕੱਲ ਵੀ ਹਸਪਤਾਲ ਆਈ ਸੀ ਜਿਸਨੇ ਕਿਹਾ ਸੀ ਕਿ ਉਨ੍ਹਾਂ ਦਾ ਮਰੀਜ਼ ਦੂਜੇ ਵਾਰਡ ’ਚ ਦਾਖਲ ਹੈ।
ਉਹ ਅੱਜ ਬੱਚੇ ਦੇ ਬੈੱਡ ਕੋਲ ਜਾ ਕੇ ਕਹਿਣ ਲੱਗੀ ਕਿ ਬੱਚੇ ਦੇ ਟੀਕੇ ਲੱਗਣੇ ਹਨ ਤਾਂ ਬੱਚੇ ਦੀ ਦੇਖਭਾਲ ਕਰਨ ਵਾਲੀ ਮਹਿਲਾ ਉਸਦੇ ਨਾਲ ਬੱਚਾ ਲੈ ਕੇ ਤੁਰ ਪਈ ਇਸ ਦੌਰਾਨ ਬੱਚਾ ਚੋਰੀ ਕਰਨ ਵਾਲੀ ਮਹਿਲਾ ਨੇ ਰਸਤੇ ’ਚ ਕਿਹਾ ਕਿ ਆਧਾਰ ਕਾਰਡ ਵੀ ਚਾਹੀਦੇ ਹਨ। ਆਧਾਰ ਕਾਰਡ ਮੰਗਣ ’ਤੇ ਬੱਚੇ ਦੀ ਸੰਭਾਲ ਕਰਨ ਵਾਲੀ ਮਹਿਲਾ ਆਧਾਰ ਕਾਰਡ ਲੈਣ ਆ ਗਈ ਤੇ ਬੱਚਾ ਉਸ ਮਹਿਲਾ ਨੂੰ ਫੜ੍ਹਾ ਦਿੱਤਾ,ਜੋ ਉਸ ਤੋਂ ਬੱਚਾ ਫੜ੍ਹ ਕੇ ਹਸਪਤਾਲ ’ਚੋਂ ਚਲੀ ਗਈ।
ਐਸਐਮਓ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ’ਤੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ ਪਰ ਉਨ੍ਹਾਂ ਨੇ ਸੁਰੱਖਿਆ ਵਜੋਂ ਚੌਂਕੀਦਾਰਾਂ ਦੀ ਮੰਗ ਕੀਤੀ ਹੋਈ ਹੈ। ਪੁਲਿਸ ਮੁਲਾਜ਼ਮਾਂ ਨੇ ਨਵਜੰਮੇ ਬੱਚੇ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਫੁਟੇਜ ਵਿੱਚ ਚਿਹਰੇ ‘ਤੇ ਮਾਸਕ ਪਾਈ ਕਰੀਬ 23-25 ਸਾਲ ਦੀ ਇੱਕ ਔਰਤ ਅਤੇ ਚਿਹਰੇ ਤੇ ਸਿਰ ਨੂੰ ਮਫਲਰ ਤੇ ਸ਼ਾਲ ਨਾਲ ਢਕੇ ਹੋਏ ਇੱਕ ਔਰਤ ਬੱਚਾ ਚੋਰੀ ਕਰਕੇ ਫਰਾਰ ਹੁੰਦੀ ਕੈਦ ਹੋਈ।
ਬੱਚੇ ਨੂੰ ਔਰਤ ਨੇ ਗੋਦੀ ਵਿੱਚ ਚੁੱਕਿਆ ਹੋਇਆ ਹੈ ਅਤੇ ਉਸ ਦੀ ਸਾਥੀ ਮਹਿਲਾ ਉਸ ਤੋਂ ਦੋ ਕਦਮ ਅੱਗੇ ਚੱਲਦੀ ਨਜ਼ਰ ਆ ਰਹੀ ਹੈ। ਦੋਵੇਂ ਮਹਿਲਾ ਚੋਰ ਬਿਨਾਂ ਡਰੇ ਪ੍ਰੋਫੈਸ਼ਨਲ ਤਰੀਕੇ ਨਾਲ ਬੱਚੇ ਨੂੰ ਹਸਪਤਾਲ ਦੇ ਵਰਾਂਡੇ ਤੋਂ ਚੋਰੀ ਕਰਕੇ ਫਰਾਰ ਹੁੰਦੀਆਂ ਕੈਮਰੇ ਵਿੱਚ ਕੈਦ ਹੋਈਆਂ।
ਪੁਲਿਸ ਨੇ ਤੁਰੰਤ ਵਾਇਰਲੈੱਸ ‘ਤੇ ਸੰਦੇਸ਼ ਫਲੈਸ਼ ਕੀਤਾ ਅਤੇ ਪੀਸੀਆਰ ਟੀਮ ਅਤੇ ਸਾਰੇ ਥਾਣਿਆਂ ਦੀ ਗਸ਼ਤ ਟੀਮ ਨੂੰ ਘਟਨਾ ਦੀ ਸੂਚਨਾ ਦਿੱਤੀ। ਬਠਿੰਡਾ ਪੁਲਿਸ ਜ਼ਿਲ੍ਹਾ ਬਾਰਡਰ, ਆਟੋ ਸਟੈਂਡ, ਰੇਲਵੇ ਸਟੇਸ਼ਨ ਸਮੇਤ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ‘ਤੇ ਤਲਾਸ਼ੀ ਲੈਣ ‘ਚ ਲੱਗੀ ਹੋਈ ਹੈ, ਤਾਂ ਜੋ ਸਮੇਂ ਸਿਰ ਔਰਤ ਨੂੰ ਕਾਬੂ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਜਾ ਸਕੇ।
ਸ਼ਾਮ ਕਰੀਬ 4.15 ਵਜੇ ਤੱਕ ਪੁਲਿਸ ਨਾ ਤਾਂ ਔਰਤ ਚੋਰਾਂ ਨੂੰ ਕਾਬੂ ਕਰ ਸਕੀ ਅਤੇ ਨਾ ਹੀ ਬੱਚੇ ਬਾਰੇ ਕੋਈ ਜਾਣਕਾਰੀ ਹਾਸਲ ਕਰ ਸਕੀ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।