ਫਾਜ਼ਿਲਕਾ : ਪੰਜਾਬ ਦੇ ਫਾਜ਼ਿਲਕਾ ਇਲਾਕੇ ਵਿੱਚ ਪੈਂਦੇ ਪਿੰਡ ਮੁਹਾਰ ਖੀਵਾ ਮਨਸਾ ਵਿੱਚ ਸਰਕਾਰੀ ਸਕੀਮ ਅਧੀਨ ਵੰਡੀ ਜਾਣ ਵਾਲੀ ਕਣਕ ਨੂੰ ਲੈ ਕੇ ਕਥਿਤ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਕਣਕ ਵਾਲੇ ਥੈਲਿਆਂ ਵਿੱਚ ਕਣਕ ਘੱਟ ਨਿਕਲੀ ਹੈ।
ਇਥੇ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋਂ ਸਰਕਾਰੀ ਕਣਕ ਦੀ ਵੰਡ ਕੀਤੀ ਜਾ ਰਹੀ ਸੀ। ਪਿੰਡ ਵਾਲਿਆਂ ਨੂੰ ਸ਼ੱਕ ਪੈਣ ਤੇ ਜਦੋਂ ਵੰਡੀ ਜਾਣ ਵਾਲੀ ਕਣਕ ਦੇ ਥੈਲੇ ਨੂੰ ਤੋਲਿਆ ਗਿਆ ਤਾਂ 30 ਕਿਲੋ ਹੋਣ ਦੀ ਬਜਾਇ ਉਸ ਵਿੱਚ ਕਣਕ ਦਾ ਵਜ਼ਨ 26 ਕਿਲੋ ਤੇ ਕਿਸੇ ਵਿੱਚੋਂ 28 ਕਿਲੋ ਦੇ ਕਰੀਬ ਨਿਕਲਿਆ।
ਜਿਸ ਨੂੰ ਦੇਖ ਕੇ ਪਿੰਡ ਵਾਲੇ ਰੋਹ ਵਿੱਚ ਆ ਗਏ ਤੇ ਉਹਨਾਂ ਪਿੰਡ ਵਿੱਚ ਕਣਕ ਦੀ ਵੰਡ ਨੂੰ ਰੋਕ ਦਿੱਤਾ ਤੇ ਸਰਕਾਰੀ ਕਣਕ ਦੀ ਟਰਾਲੀ ਲੈ ਡੀਸੀ ਦਫਤਰ ਪਹੁੰਚ ਗਏ। ਪਿੰਡ ਵਾਸੀਆਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਜਿਲ੍ਹਾ ਖੁਰਾਕ ਸਪਲਾਈ ਅਫਸਰ ਨੇ ਇਸ ਮਾਮਲੇ ਵਿੱਚ ਜਾਂਚ ਦਾ ਭਰੋਸਾ ਦਿੱਤਾ ਹੈ।