Sidhu Moosewala case

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Sidhu Moosewala case) ਦੀ ਕ ਤਲਕਾਂ ਡ ਦਾ ਕੇਸ ਕੁਝ ਹੀ ਘੰਟਿਆਂ ਦੇ ਅੰਦਰ ਸੁਲਝਾਇਆ ਜਾ ਸਕਦਾ ਸੀ ਪਰ ਪੁਲੀਸ(Punjab Police) ਦੀ ਢਿੱਲ ਨੇ ਸ਼ੂਟਰਾਂ ਨੂੰ ਭੱਜਣ ਦਾ ਮੌਕਾ ਦੇ ਦਿੱਤਾ। ਇਹ ਹੈਰਾਨਕੁਨ ਖੁਲਾਸਾ ਦਿੱਲੀ ਪੁਲਿਸ (Delhi Police) ਦੀ ਜਾਂਚ ਤੋਂ ਬਾਅਦ ਚਾਰਜਸ਼ੀਟ ਵਿੱਚ ਹੋਇਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ’ਤੇ 29 ਮਈ ਦੀ ਸ਼ਾਮ ਨੂੰ ਹਮਲਾ ਕਰਨ ਮਗਰੋਂ ਛੇ ਚੋਂ ਚਾਰ ਸ਼ੂਟਰ ਖ਼ਿਆਲਾ ਪਿੰਡ ਦੇ ਖੇਤਾਂ ’ਚ ਛੁਪੇ ਰਹੇ ਸਨ। ਇਹ ਪਿੰਡ ਹਮਲੇ ਵਾਲੀ ਥਾਂ ਪਿੰਡ ਜਵਾਹਰਕੇ (ਮਾਨਸਾ ਜ਼ਿਲ੍ਹਾ) ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਜਾਂਚ ’ਚ ਖੁਲਾਸਾ ਹੋਇਆ ਹੈ ਕਿ ਪੰਜਾਬ ਪੁਲੀਸ ਹਰਿਆਣਾ ਅਤੇ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਤੇਜ਼ੀ ਨਾਲ ਸੀਲ ਨਹੀਂ ਕਰ ਸਕੀ ਅਤੇ ਨਾ ਹੀ ਬੈਰੀਕੇਡ ਲਗਾਏ ਜਾ ਸਕੇ ਸਨ। ਸੂਤਰਾਂ ਮੁਤਾਬਿਕ ਲੋਕਾਂ ਨੇ ਜਦੋਂ ਪੁਲੀਸ ਨੂੰ ਕੁਝ ਸ਼ੱਕੀਆਂ ਦੇ ਪਿੰਡ ਦੇ ਬਾਹਰਵਾਰ ਛਿਪੇ ਹੋਣ ਦੀ ਸੂਚਨਾ ਦਿੱਤੀ ਤਾਂ ਪੁਲੀਸ ਟੀਮਾਂ ਖ਼ਿਆਲਾ ਪਿੰਡ ਵੱਲ ਰਵਾਨਾ ਕੀਤੀਆਂ ਗਈਆਂ ਸਨ। ਉਂਝ ਜ਼ਿਆਦਾਤਰ ਪੁਲੀਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵੱਲ ਭੇਜਣਾ ਪਿਆ ਸੀ, ਜਿਥੇ ਮੂਸੇਵਾਲਾ ਦੇ ਪ੍ਰਸ਼ੰਸਕ ਭੜਕੇ ਹੋਏ ਸਨ ਅਤੇ ਉਥੇ ਹਿੰਸਾ ਦਾ ਖ਼ਦਸ਼ਾ ਸੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਇਸ ਤੋਂ ਇਲਾਵਾ ਕਤਲ ਵਾਲੀ ਥਾਂ ਅਤੇ ਗਾਇਕ ਦੇ ਪਿੰਡ ਮੂਸਾਵਾਲੇ ਘਰ ਕੋਲ ਜੁੜੀ ਭੀੜ ਨੂੰ ਸੰਭਾਲਣ ਲਈ ਵੀ ਪੁਲੀਸ ਦੀ ਲੋੜ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਪੁਲੀਸ ਖ਼ਿਆਲਾ ਪਿੰਡ ਪਹੁੰਚੀ ਸੀ ਤਾਂ ਸ਼ੂਟਰ ਉਥੋਂ ਨਿਕਲ ਚੁੱਕੇ ਸਨ ਜਾਂ ਉਹ ਖੇਤਾਂ ਦੀ ਸਹੀ ਢੰਗ ਨਾਲ ਤਲਾਸ਼ੀ ਨਹੀਂ ਲੈ ਸਕੀ ਸੀ।

ਮੂਸੇਵਾਲਾ ਦੀ ਹੱਤਿਆ ਮਗਰੋਂ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਆਲਟੋ ਕਾਰ ਖੋਹ ਕੇ ਬਰਨਾਲਾ ਵੱਲ ਨਿਕਲ ਗਏ ਸਨ। ਦੋਹਾਂ ਨੂੰ ਕਰੀਬ 50 ਦਿਨਾਂ ਮਗਰੋਂ ਤਰਨ ਤਾਰਨ ’ਚ ਹੋਏ ਪੁਲੀਸ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ। ਹੋਰ ਸ਼ੂਟਰ ਪ੍ਰਿਯਾਵ੍ਰਤ ਫ਼ੌਜੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਹਰਿਆਣਾ ਵੱਲ ਭੱਜੇ ਸਨ ਪਰ ਜਦੋਂ ਉਨ੍ਹਾਂ ਆਪਣੇ ਪਿੱਛੇ ਪੀਸੀਆਰ ਕਾਰ ਦੇਖੀ ਤਾਂ ਉਹ ਪਿੰਡ ਖ਼ਿਆਲਾ ਵੱਲ ਮੁੜ ਗਏ ਜਿਥੇ ਬੋਲੇਰੋ ਕਾਰ ਫਸ ਗਈ ਸੀ। ਪੀਸੀਆਰ ਵਾਹਨ ਉਨ੍ਹਾਂ ਨੂੰ ਰੋਕੇ ਬਿਨਾਂ ਕੋਲੋਂ ਦੀ ਲੰਘ ਗਈ ਅਤੇ ਸ਼ੂਟਰ ਖੇਤਾਂ ’ਚ ਛੁਪ ਗਏ ਸਨ।
ਸ਼ੂਟਰਾਂ ਨੇ ਸਭ ਤੋਂ ਪਹਿਲਾਂ ਇਹ ਸਾਰਾ ਖ਼ੁਲਾਸਾ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਕੋਲ ਕੀਤਾ ਸੀ ਅਤੇ ਹੁਣ ਪੰਜਾਬ ਪੁਲੀਸ ਕੋਲ ਇਨ੍ਹਾਂ ਸ਼ੂਟਰਾਂ ਦੇ ਬਿਆਨ ਨਾਲ ਇਸ ਦੀ ਤਸਦੀਕ ਹੋਈ ਹੈ, ਜਿਸ ਦਾ ਜ਼ਿਕਰ ਮਾਨਸਾ ਅਦਾਲਤ ’ਚ ਪੇਸ਼ ਚਾਰਜਸ਼ੀਟ ’ਚ ਵੀ ਕੀਤਾ ਗਿਆ ਹੈ। ਪੁਲੀਸ ਦੀ ਢਿੱਲ ਅਤੇ ਮੂਸੇਵਾਲਾ ਦੀ ਹੱਤਿਆ ਮਗਰੋਂ ਬੈਰੀਕੇਡ ਲਗਾਉਣ ’ਚ ਦੇਰੀ ਤੇ ਪੀਸੀਆਰ ਵਾਹਨ ਵੱਲੋਂ ਬੋਲੇਰੋ ਨੂੰ ਨਾ ਰੋਕਣ ਸਬੰਧੀ ਅਜੇ ਕੋਈ ਜਾਂਚ ਨਹੀਂ ਕਰਵਾਈ ਗਈ ਹੈ। ਕਈ ਮੀਡੀਆ ਕਰਮੀਆਂ ਨੇ ਹੱਤਿਆ ਕਾਂਡ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਰਾਹ ’ਚ ਪੁਲੀਸ ਦੇ ਬਹੁਤੇ ਬੈਰੀਕੇਡ ਦਿਖਾਈ ਨਹੀਂ ਦਿੱਤੇ ਸਨ।