‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੀਬੀ ਅਤੇ ਸੇਵਾਦਾਰ ਵਿਚਾਲੇ ਬਹਿਸ ਹੋਈ ਹੈ। ਦਰਅਸਲ, ਇੱਕ ਬੀਬੀ ਭਾਰਤੀ ਝੰਡੇ ਨੂੰ ਆਪਣੇ ਮੂੰਹ ਉੱਤੇ ਰੰਗ ਕੇ ਲਿਆਈ ਸੀ ਪਰ ਸ਼੍ਰੀ ਦਰਬਾਰ ਸਾਹਿਬ ਵਿਖੇ ਦਾਖਲ ਹੋਣ ਸਮੇਂ ਉੱਥੇ ਖੜੇ ਇੱਕ ਸੇਵਾਦਾਰ ਨੇ ਬੀਬੀ ਨੂੰ ਰੋਕ ਦਿੱਤਾ ਅਤੇ ਮੂੰਹ ਧੋ ਕੇ ਅੰਦਰ ਜਾਣ ਲਈ ਕਿਹਾ। ਬੀਬੀ ਨੇ ਇਸਦਾ ਸਖ਼ਤ ਵਿਰੋਧ ਕੀਤਾ ਅਤੇ ਸੇਵਾਦਾਰ ਨਾਲ ਬਹਿਸ ਕੀਤੀ। ਇਸ ਮੌਕੇ ਹੋਰ ਲੋਕ ਵੀ ਇਕੱਠੇ ਹੋ ਗਏ।
SGPC ਦਾ ਪੱਖ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਸਾਰਿਆਂ ਧਰਮਾਂ ਲਈ ਖੁੱਲ੍ਹਾ ਹੈ ਅਤੇ ਇੱਥੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਗਰੇਵਾਲ ਨੇ ਕਿਹਾ ਕਿ ਹੁਣ ਜੋ ਇਹ ਘਟਨਾ ਵਾਪਰੀ ਹੈ, ਇਸਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ ਇਹ ਗੱਲ ਨਹੀਂ ਹੈ। ਗਰੇਵਾਲ ਨੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਘਟਨਾ ਵੀ ਉਸੇ ਹੀ ਸ਼ਰਾਰਤ ਦਾ ਇੱਕ ਹਿੱਸਾ ਹੈ। ਹਰ ਧਾਰਮਿਕ ਸਥਾਨ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਸ਼ਰਾਰਤੀ ਲੋਕ ਜਾਣ ਬੁੱਝ ਕੇ ਅਜਿਹੀਆਂ ਸ਼ਰਾਰਤਾਂ ਕਰਦੇ ਹਨ।
ਬੀਜੇਪੀ ਦਾ ਨਿਸ਼ਾਨਾ
ਬੀਜੇਪੀ ਆਗੂ ਰਮਨ ਮਲਿਕ ਨੇ ਇਸ ਘਟਨਾ ਬਾਰੇ ਪ੍ਰਤੀਕਿਰਿਆ ਦਿੰਦਿਆਂ ਸੇਵਾਦਾਰ ਉੱਤੇ ਕੁੜੀ ਨਾਲ ਹੱਥੋਪਾਈ ਕਰਨ ਦੇ ਇਲਜ਼ਾਮ ਲਗਾਏ ਹਨ। ਰਮਨ ਮਲਿਕ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਅਸਥਾਨ ਉੱਤੇ ਕਿਸੇ ਉੱਤੇ ਹੱਥ ਚੁੱਕਣਾ ਸਭ ਤੋਂ ਵੱਡੀ ਬੇਅਦਬੀ ਹੈ। ਇਸ ਮਾਮਲੇ ‘ਤੇ SGPC ਅਤੇ ਜਥੇਦਾਰ ਦਾ ਕੀ ਕਹਿਣਾ ਹੈ। ਗੁਰੂ ਰਾਮਦਾਸ ਸਾਹਿਬ ਦੇ ਦਰ ‘ਤੇ ਆਈ ਸੰਗਤ ‘ਤੇ ਹੱਥ ਚੁੱਕਣਾ ਗੁਰੂ ਸਾਹਿਬ ਜੀ ਉੱਤੇ ਹੱਥ ਚੁੱਕਣ ਵਾਂਗ ਹੈ, ਉਹ ਵੀ ਸਿਰਫ਼ ਭਾਰਤੀ ਝੰਡਾ ਹੋਣ ਕਰਕੇ।
https://twitter.com/ramanmalik/status/1647792565331320833?s=20
ਗੁਰਚਰਨ ਸਿੰਘ ਗਰੇਵਾਲ ਨੇ ਰਮਨ ਮਲਿਕ ਦੇ ਇਸ ਬਿਆਨ ਦਾ ਖੰਡਨ ਕਰਦਿਆਂ ਕਿਹਾ ਕਿ ਕਿਸੇ ਉੱਤੇ ਵੀ ਹੱਥ ਨਹੀਂ ਚੁੱਕਿਆ। ਹਾਂ, ਏਨਾ ਜ਼ਰੂਰ ਹੈ ਕਿ ਧਾਰਮਿਕ ਅਸਥਾਨ ਉੱਤੇ ਉਹ ਵੀਡੀਓ ਵੀ ਬਣਾ ਰਹੇ ਸੀ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਇਸ ਲਈ ਇਹ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ ਹੈ। ਜੇਕਰ ਸੇਵਾਦਾਰ ਨੇ ਕੋਈ ਦੁਰਵਿਵਹਾਰ ਕੀਤਾ ਹੋਵੇ ਤਾਂ ਉਸਦੀ ਅਸੀਂ ਮੁਆਫ਼ੀ ਮੰਗਦੇ ਹਾਂ ਪਰ ਇਸ ਮਸਲੇ ਨੂੰ ਇੱਕ ਸਾਜਿਸ਼ ਅਧੀਨ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਬੰਦੇ ਦੀ ਗਲਤੀ ਨੂੰ ਪੂਰੀ ਸਿੱਖ ਕੌਮ ਦੇ ਨਾਲ ਜੋੜਿਆ ਜਾਂਦਾ ਹੈ।
ਸੋਸ਼ਲ ਮੀਡੀਆ ‘ਤੇ ਸੇਵਾਦਾਰ ਦੀ ਹੋ ਰਹੀ ਹੈ ਤਾਰੀਫ਼
ਉੱਧਰ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸਾਰੇ ਲੋਕਾਂ ਵੱਲੋਂ ਸੇਵਾਦਾਰ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਲੋਕਾਂ ਨੇ ਕੁਮੈਂਟ ਕਰਕੇ ਕਿਹਾ ਕਿ ਸੇਵਾਦਾਰ ਨੇ ਬੀਬੀ ਨੂੰ ਕੁਝ ਗਲਤ ਨਹੀਂ ਕਿਹਾ, ਪਰ ਇਹ ਲੋਕ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹੇ ਮਸਲੇ ਬਣਾ ਰਹੇ ਹਨ, ਸੇਵਾਦਾਰ ਦੀ ਹਿੰਮਤ ਨੂੰ ਸਜਦਾ ਹੈ। ਸੇਵਾਦਾਰ ਨੇ ਬੀਬੀ ਨੂੰ ਰੋਕ ਕੇ ਸਹੀ ਕੀਤਾ ਹੈ। ਇੱਕ ਹੋਰ ਵਿਅਕਤੀ ਨੇ ਸੇਵਾਦਾਰ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਬੱਲੇ ਸ਼ੇਰਾ, ਜੁਅੱਰਤ ਵਿਖਾਈ ਹੈ, ਨਹੀਂ ਤਾਂ ਸਾਡੇ ਵਰਗੇ ਬੰਦੇ ਨੌਕਰੀ ਕਰਕੇ ਡਰਦੇ ਰਹਿੰਦੇ ਹਨ ਕਿ ਸਾਡੇ ਪਰਿਵਾਰ ਨੂੰ ਕੌਣ ਪਾਲੂ। ਤਾਂ ਕਿਸੇ ਨੇ ਲਿਖਿਆ ਕਿ ਸੇਵਾਦਾਰ ਨੇ ਚੜਦੀਕਲਾ ਵਿੱਚ ਸੇਵਾ ਨਿਭਾਈ ਹੈ। ਇੱਕ ਵਿਅਕਤੀ ਨੇ ਲਿਖਿਆ ਕਿ ਹੁਣ ਲੋੜ ਕੁਮੈਂਟਾਂ ਦੀ ਘੱਟ ਅਤੇ ਸੇਵਾਦਾਰ ਨਾਲ ਖੜਨ ਦੀ ਜ਼ਿਆਦਾ ਹੈ।