India Khaas Lekh Sports

ਕ੍ਰਿਕੇਟ ਦੀ ਦੁਨੀਆ ’ਚ ਨਵਾਂ ਧਮਾਕਾ! ਕੀ ਹੈ TEST TWENTY? ਜਾਣੋ ਨਿਯਮ ਤੇ ਨਵੇਂ ਫਾਰਮੈਟ ਦੀ ਪੂਰੀ ਜਾਣਕਾਰੀ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 20 ਅਕਤੂਬਰ 2025): ਜੇ ਤੁਸੀਂ ਕ੍ਰਿਕੇਟ ਵੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਣ ਵਾਲਾ ਹੈ। 1877 ਵਿੱਚ ਪਹਿਲਾ ਟੈਸਟ ਮੈਚ ਖੇਡੇ ਜਾਣ ਤੋਂ ਬਾਅਦ ਕ੍ਰਿਕੇਟ ਨੇ ਕਈ ਬਦਲਾਅ ਵੇਖੇ। ਹੁਣ ਤੱਕ ਅੰਤਰ ਰਾਸ਼ਟਰੀ ਕ੍ਰਿਕੇਟ ਵਰਤਮਾਨ ਵਿੱਚ ਤਿੰਨ ਫਾਰਮੈਟਾਂ ਵਿੱਚ ਖੇਡੀ ਜਾਂਦੀ ਹੈ: ਟੈਸਟ, ਇੱਕ ਰੋਜ਼ਾ ਅਤੇ ਟੀ20। ਹਾਲ ਹੀ ਦੇ ਸਾਲਾਂ ਵਿੱਚ, ਫ੍ਰੈਂਚਾਇਜ਼ੀ ਕ੍ਰਿਕਟ ਵੀ 10-ਓਵਰਾਂ ਦੇ ਮੈਚਾਂ ਨਾਲ ਵਧੇਰੇ ਆਮ ਹੋ ਗਈ ਹੈ। ਪਰ ਹੁਣ ਇਸ ਖੇਡ ਦਾ ਇਕ ਹੋਰ ਰੂਪ ਸਾਹਮਣੇ ਆ ਰਿਹਾ ਹੈ ਤੇ ਉਹ ਹੈ ਟੈਸਟ 20। ਇਹ ਫਾਰਮੈਟ ਕ੍ਰਿਕੇਟ ਨੂੰ ਤੇਜ਼, ਦਿਮਾਗੀ ਅਤੇ ਹੋਰ ਰੋਮਾਂਚਕ ਬਣਾਏਗਾ।

ਟੈਸਟ, ਵੰਨਡੇ ਅਤੇ ਟੀ-20 ਫਾਰਮੈਟਾਂ ਤੋਂ ਬਾਅਦ, ਕ੍ਰਿਕੇਟ ਵਿੱਚ ਹੁਣ ਚੌਥਾ ਫਾਰਮੈਟ, ਟੈਸਟ ਟੀ-20 ਫਾਰਮੈਟ ਜੁੜੇਗਾ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਫਾਰਮੈਟ ਵਿੱਚ ਟੈਸਟ ਅਤੇ ਟੀ-20 ਕ੍ਰਿਕੇਟ ਦੋਵਾਂ ਦਾ ਸੁਮੇਲ ਵੇਖਣ ਨੂੰ ਮਿਲੇਗਾ ਜੋ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਾਫੀ ਦਿਲਚਸਪ ਹੋਵੇਗਾ। ਹਾਲਾਂਕਿ, ਹੁਣ ਲਈ, ਇਹ ਫਾਰਮੈਟ ਸਿਰਫ ਜਨਵਰੀ 2026 ਵਿੱਚ ਖੇਡੇ ਜਾਣ ਵਾਲੇ ਅੰਡਰ-19 ਟੂਰਨਾਮੈਂਟ ਲਈ ਵਰਤਿਆ ਜਾਵੇਗਾ। 

ਏਬੀ ਡਿਵਿਲੀਅਰਜ਼ ਵੀ ਲੀਗ ਵਿੱਚ ਸ਼ਾਮਲ 

ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ, ਮੈਥਿਊ ਹੇਡਨ, ਦੱਖਣੀ ਅਫਰੀਕਾ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਏਬੀ ਡਿਵਿਲੀਅਰਜ਼ ਅਤੇ ਵੈਸਟਇੰਡੀਜ਼ ਦੇ ਸਾਬਕਾ ਮਹਾਨ ਕਪਤਾਨ ਸਰ ਕਲਾਈਵ ਲੋਇਡ ਵੀ ਲੀਗ ਵਿੱਚ ਸ਼ਾਮਲ ਹਨ, ਜੋ ਕਿ ਟੈਸਟ ਅਤੇ ਟੀ-20 ਫਾਰਮੈਟਾਂ ਵਿੱਚ ਖੇਡੀ ਜਾਵੇਗੀ। ਇਨ੍ਹਾਂ ਮਹਾਨ ਖਿਡਾਰੀਆਂ ਨੂੰ ਸਲਾਹਕਾਰ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ ਇਹ ਫਾਰਮੈਟ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਪਰ ਇਹ ਨਵਾਂ ਰੋਮਾਂਚ ਕ੍ਰਿਕਟ ਪ੍ਰੇਮੀਆਂ ਲਈ ਜ਼ਰੂਰ ਰੋਮਾਂਚਕ ਸਾਬਤ ਹੋਵੇਗਾ।

ਕੀ ਹੈ ਟੈਸਟ 20

‘ਦ ਫੋਰਥ ਫਾਰਮੈਟ’ ਦੇ ਸੀਈਓ ਅਤੇ One One Six ਨੈਟਵਰਕ ਦੇ ਏਗਜ਼ਿਕਿਊਟਿਵ ਚੇਅਰਮੈਨ ਗੌਰਵ ਬਹਿਰਵਾਨੀ ਦੇ ਮੁਤਾਬਕ, ਟੈਸਟ 20 ਇੱਕ ਐਸਾ ਫਾਰਮੈਟ ਹੈ ਜੋ ਟੈਸਟ ਤੇ T20 ਦੋਹਾਂ ਦੀ ਝਲਕ ਦਿਖਾਵੇਗਾ। ਹਰ ਟੀਮ ਨੂੰ ਦੋ ਵਾਰ ਬੱਲੇਬਾਜ਼ੀ ਦਾ ਮੌਕਾ ਮਿਲੇਗਾ, ਬਿਲਕੁਲ ਟੈਸਟ ਵਾਂਗ, ਪਰ ਇਹ ਮੈਚ ਛੋਟਾ ਤੇ ਤੇਜ਼ ਹੋਵੇਗਾ।

ਹੁਣ ਤੱਕ ਟੈਸਟ ਟਵੈਂਟੀ ਫਾਰਮੈਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਕੁੱਲ 80 ਓਵਰਾਂ ਦਾ ਹੋਵੇਗਾ, ਜਿਸ ਵਿੱਚ ਚਾਰ ਬ੍ਰੇਕ ਹੋਣਗੀਆਂ, ਯਾਨੀ 4 ਇੰਟਰਵਲ ਹੋਣਗੇ। ਦੋਵੇਂ ਟੀਮਾਂ ਦੋ ਵਾਰ ਬੱਲੇਬਾਜ਼ੀ ਤੇ ਦੋ ਵਾਰ ਗੇਂਦਬਾਜ਼ੀ ਕਰਨਗੀਆਂ। ਫੈਨਜ਼ ਲਈ ਇਹ ਮੈਚ ਹਰ ਪਲ ਨਵਾਂ ਰੋਮਾਂਚ ਲੈ ਕੇ ਆਵੇਗਾ। ਐਕਸ (ਟਵਿੱਟਰ) ‘ਤੇ Mufaddal Vohra ਨੇ ਖ਼ੁਲਾਸਾ ਕੀਤਾ ਹੈ ਕਿ ਟੈਸਟ 20 ਦੀ ਸ਼ੁਰੂਆਤ ਜਨਵਰੀ ਵਿੱਚ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਮੈਚ ਵਿੱਚ ਹਰ ਟੀਮ ਨੂੰ 40-40 ਓਵਰ ਖੇਡਣੇ ਮਿਲਣਗੇ ਅਤੇ ਹਰ ਇਨਿੰਗ 20 ਓਵਰ ਦੀ ਹੋਵੇਗੀ। ਇੱਥੇ ਟੈਸਟ ਵਾਲਾ ਫਾਲੋਆਨ (Follow-on) ਨਿਯਮ ਵੀ ਲਾਗੂ ਕੀਤਾ ਜਾਵੇਗਾ। ਨਿਯਮ ਇਹ ਹੈ ਕਿ ਜੇ ਕੋਈ ਟੀਮ ਪਹਿਲੀ ਪਾਰੀ ਵਿੱਚ 75 ਰਨਾਂ ਤੋਂ ਪਿੱਛੇ ਰਹਿ ਜਾਂਦੀ ਹੈ, ਤਾਂ ਵਿਰੋਧੀ ਟੀਮ ਉਸ ਨੂੰ ਫਾਲੋਆਨ ਖੇਡਾ ਸਕਦੀ ਹੈ।

ਹਾਲਾਂਕਿ, ਹੁਣ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਨਵਾਂ ਫਾਰਮੈਟ ਰੈਡ ਬਾਲ ਨਾਲ ਖੇਡਿਆ ਜਾਵੇਗਾ ਜਾਂ ਵਾਈਟ ਬਾਲ ਨਾਲ। ਦੱਸਿਆ ਜਾ ਰਿਹਾ ਹੈ ਕਿ ਇਸ ਲੀਗ ਵਿੱਚ ਕੁੱਲ 6 ਟੀਮਾਂ ਭਾਗ ਲੈਣਗੀਆਂ।

ਟੈਸਟ ਅਤੇ ਟੀ20 ਚੈਂਪੀਅਨਸ਼ਿਪ ਟੂਰਨਾਮੈਂਟਾਂ ਵਿੱਚ ਹੋਣਗੇ 80 ਓਵਰ

ਟੈਸਟ ਅਤੇ ਟੀ20 ਟੂਰਨਾਮੈਂਟ ਮੈਚਾਂ ਵਿੱਚ 80 ਓਵਰ ਹੋਣਗੇ, ਹਰੇਕ ਟੀਮ 20-20 ਓਵਰਾਂ ਦੀਆਂ ਦੋ ਪਾਰੀਆਂ ਖੇਡੇਗੀ। ਪਹਿਲੀ ਪਾਰੀ ਦਾ ਸਕੋਰ ਦੂਜੀ ਪਾਰੀ ਵਿੱਚ ਜੋੜਿਆ ਜਾਵੇਗਾ, ਜਿਵੇਂ ਕਿ ਟੈਸਟ ਫਾਰਮੈਟ ਵਿੱਚ ਹੁੰਦਾ ਹੈ। 

ਮਹੱਤਵਪੂਰਨ ਗੱਲ ਇਹ ਹੈ ਕਿ ਟੀ20 ਮੈਚਾਂ ਵਾਂਗ, ਇਹ ਮੈਚ ਇੱਕ ਦਿਨ ਵਿੱਚ ਪੂਰਾ ਹੋਵੇਗਾ। ਇਸ ਤਰ੍ਹਾਂ, 80 ਓਵਰਾਂ ਦਾ ਮੈਚ ਇੱਕ ਦਿਨ ਵਿੱਚ ਖੇਡਿਆ ਜਾਵੇਗਾ। ਮੈਚ ਦੇ ਨਤੀਜੇ ਜਿੱਤ, ਹਾਰ, ਬਰਾਬਰੀ ਜਾਂ ਡਰਾਅ ਹੋ ਸਕਦੇ ਹਨ।

ਛੇ ਫਰੈਂਚਾਇਜ਼ੀਆਂ ਲੈਣਗੀਆਂ ਹਿੱਸਾ 

13 ਤੋਂ 19 ਸਾਲ ਦੀ ਉਮਰ ਦੇ ਖਿਡਾਰੀ ਟੈਸਟ ਅਤੇ ਟੀ-20 ਫਾਰਮੈਟਾਂ ਵਿੱਚ ਹਿੱਸਾ ਲੈ ਸਕਣਗੇ। ਇਹ ਲੀਗ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਨੌਜਵਾਨ ਖਿਡਾਰੀਆਂ ਲਈ ਇੱਕ ਨਵਾਂ ਮੌਕਾ ਦੇਵੇਗੀ, ਜੋ ਅਗਲੀ ਪੀੜ੍ਹੀ ਦੇ ਖਿਡਾਰੀ ਲੱਭਣ ਵਿੱਚ ਮਦਦ ਕਰੇਗੀ। ਅਗਲੇ ਸਾਲ ਹੋਣ ਵਾਲੀ ਟੈਸਟ ਅਤੇ ਟੀ-20 ਚੈਂਪੀਅਨਸ਼ਿਪ ਵਿੱਚ ਕੁੱਲ ਛੇ ਫਰੈਂਚਾਇਜ਼ੀਆਂ ਹਿੱਸਾ ਲੈਣਗੀਆਂ। ਹਾਲਾਂਕਿ, ਇਸ ਲੀਗ ਦਾ ਸਮਾਂ-ਸਾਰਣੀ ਅਜੇ ਜਾਰੀ ਨਹੀਂ ਕੀਤੀ ਗਈ ਹੈ, ਨਾ ਹੀ ਇਹ ਖੁਲਾਸਾ ਕੀਤਾ ਗਿਆ ਹੈ ਕਿ ਮੈਚ ਕਿੱਥੇ ਖੇਡੇ ਜਾਣਗੇ।

ਨਵੇਂ ਫਾਰਮੈਟ ਲਈ ਪਲਾਨ

ਟੈਸਟ 20 ਫਾਰਮੈਟ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਦਾ ਪਲਾਨ ਭਾਰਤੀ ਆਰਕੀਟੈਕਟ ਗੌਰਵ ਬਾਹਿਰਵਾਨੀ ਅਤੇ ਰਾਜਸਥਾਨ ਰੌਇਲਸ ਦੇ ਪੂਰਵ ਸੀਈਓ ਮਾਇਕਲ ਫੋਰਡਮ ਦੇ ਨਾਲ ਮਿਲ ਕੇ ਸ਼ੁਰੂ ਕਰਨ ਦਾ ਹੈ। ਇੱਕ ਮੀਡੀਆ ਇੰਟਰੈਕਸ਼ਨ ਦੌਰਾਨ ਗੌਰਵ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ-

“ਮੈਨੂੰ ਲੱਗਦਾ ਹੈ ਕਿ ਸਾਡੇ ਲਈ ਇਹ ਬਿਲਕੁਲ ਸਪਸ਼ਟ ਸੀ ਕਿ ਅਸੀਂ ਇਸਨੂੰ ਆਪਣੇ ਦੇਸ਼ ਵਿੱਚ ਲਾਂਚ ਕਰੀਏ, ਜਿੱਥੇ ਕ੍ਰਿਕੇਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਲੋਕਾਂ ਦੀ ਨਜ਼ਰ ਹੈ। ਇਸ ਲਈ ਅਸੀਂ ਇਸਨੂੰ ਭਾਰਤ ਵਿੱਚ ਲਾਂਚ ਕਰ ਰਹੇ ਹਾਂ। ਅਸੀਂ ਕੁਝ ਸਾਲਾਂ ਤੱਕ ਭਾਰਤ ਵਿੱਚ ਖੇਡਾਂਗੇ ਅਤੇ ਇਸ ਨੂੰ ਇੱਕ ਟੂਰਿੰਗ ਲੀਗ ਬਣਾਉਣ ਦਾ ਵਿਚਾਰ ਹੈ। ਅਸੀਂ ਅੰਤ ਵਿੱਚ ਇਸ ਨੂੰ ਵੱਖ-ਵੱਖ ਦੇਸ਼ਾਂ ਵਿੱਚ ਲੈ ਜਾਣਾ ਚਾਹੁੰਦੇ ਹਾਂ। ਇਸ ਦਾ ਕਾਰਨ ਇਹ ਵੀ ਹੈ ਕਿ ਮੈਂ ਗੈਰ-ਪਾਰੰਪਰਿਕ ਦੇਸ਼ਾਂ ਨੂੰ ਇਸ ਵਿੱਚ ਸ਼ਾਮਲ ਹੋਣ ਵਿੱਚ ਕਾਫ਼ੀ ਦਿਲਚਸਪੀ ਰੱਖਦਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹਨਾਂ ਦੇ ਬੱਚੇ ਵੀ ਕ੍ਰਿਕੇਟ ਨੂੰ ਇੱਕ ਖੇਡ ਵਜੋਂ ਅਪਣਾਏ, ਜਿਵੇਂ ਅਸੀਂ ਭਾਰਤ ਵਿੱਚ ਕਰਦੇ ਹਾਂ।”