Punjab

ਸੰਗਰੂਰ ਜ਼ਿਲ੍ਹੇ ਵਿਚ ਸਥਾਪਿਤ ਕੀਤਾ ਜਾਵੇਗਾ ਆਧੁਨਿਕ ਸੈਂਟਰ ਆਫ਼ ਐਕਸੀਲੈਂਸ

ਦ ਖ਼ਾਲਸ ਬਿਊਰੋ : ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਵਿਚ ਪਿਆਜ਼ ਲਈ ਆਧੁਨਿਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ ਤੇ ਪੰਜਾਬ ਵਿੱਚ ਇੰਡੋ-ਡੱਚ ਸਮਝੌਤੇ ਨਾਲ ਸਥਾਪਤ ਕੀਤਾ ਜਾਣ ਵਾਲਾ ਇਹ ਤੀਜਾ ਸੈਂਟਰ ਆਫ਼ ਐਕਸੀਲੈਂਸ ਹੋਵੇਗਾ।

ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ


ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨੀਦਰਲੈਂਡ ਦੇ ਪੀਯੂਐੱਮ ਮਾਹਿਰ ਤਾਰਟ ਹਾਫਮੈਨਪਮ ਅਤੇ ਬਾਗ਼ਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਸਲਿੰਦਰ ਕੌਰ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਸੈਂਟਰ ਦਾ ਉਦੇਸ਼ ਨਾ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਪਿਆਜ਼ ਦੀ ਕਾਸ਼ਤ ਵਿੱਚ ਨਵੀਂ ਤਕਨੀਕੀ ਅਤੇ ਵਿਗਿਆਨਕ ਕਾਢਾਂ ਤੋਂ ਜਾਣੂ ਕਰਵਾਉਣਾ ਹੈ ਬਲਕਿ ਦੋ-ਫ਼ਸਲੀ ਪ੍ਰਣਾਲੀ ਦੇ ਰਵਾਇਤੀ ਚੱਕਰ ਤੋਂ ਵੀ ਬਾਹਰ ਕੱਢਣਾ ਹੈ।


ਮੰਤਰੀ ਨੇ ਕਿਹਾ ਕਿ ਇਹ ਸੈਂਟਰ 10 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾਵੇਗਾ। ਇਸ ਵਕਤ ਪੰਜਾਬ ਪਿਆਜ਼ ਦੀ 25 ਫ਼ੀਸਦੀ ਜ਼ਰੂਰਤ ਨੂੰ ਪੂਰਾ ਕਰ ਰਿਹਾ ਹੈ ਅਤੇ ਇਸ ਸੈਂਟਰ ਦੀ ਸਥਾਪਨਾ ਹੋਣ ਨਾਲ 3 ਸਾਲਾਂ ਵਿੱਚ ਪਿਆਜ਼ ਦੀ ਕਾਸ਼ਤ ਅਧੀਨ ਰਕਬਾ ਵਧ ਕੇ 60000 ਏਕੜ ਹੋ ਜਾਵੇਗਾ।