Punjab

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਹੋਈ ਮੀਟਿੰਗ

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਵਿਜੇ ਰੂਪਾਨੀ ਨੇ ਕੀਤੀ। ਕਿਆਸੇ ਸਨ ਕਿ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਨਾਲ ਹੀ ਭਵਿੱਖ ਦੀ ਰਣਨੀਤੀ ਬਣਾਉਣ ਦੇ ਨਾਲ ਨਾਲ ਕਿਸਾਨਾਂ ਦੇ ਮੁੱਦੇ ਵੀ ਵਿਚਾਰੇ ਜਾਣਗੇ।

ਪਰ BJP ਦੇ ਅਧਿਕਾਰਿਤ ਫੇਸਬੁੱਕ ਪੇਜ ਤੇ ਪਾਈ ਪੋਸਟ ਵਿਚ ਲਿਖਿਆ ਗਿਆ ਕਿ, “ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਮੀਟਿੰਗ ਹੋਈ ਹੈ ਜਿਸ ਵਿੱਚ ਵਿਜੇ ਰੁਪਾਨੀ, ਬੀ.ਐੱਲ. ਸੰਤੋਸ਼,ਪੰਜਾਬ ਸਹਿ- ਪ੍ਰਭਾਰੀ ਨਰਿੰਦਰ ਰੈਣਾ,ਮੈਂਬਰਸ਼ਿਪ ਅਭਿਆਨ ਦੇ ਰਾਸ਼ਟਰੀ ਜੋਨਲ ਪ੍ਰਭਾਰੀ ਡਾ. ਰੇਖਾ ਵਰਮਾ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਜਗਮੋਹਨ ਰਾਜੂ, ਜਨਰਲ ਸੈਕਟਰੀ ਅਨਿਲ ਸਰੀਨ, ਜਨਰਲ ਸੈਕਟਰੀ ਪਰਮਿੰਦਰ ਸਿੰਘ ਬਰਾੜ, ਜਨਰਲ ਸੈਕਟਰੀ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮਹਿਲਾ ਮੋਰਚਾ ਦੇ ਪ੍ਰਧਾਨ ਬੀਬਾ ਜੈ ਇੰਦਰ ਕੌਰ, ਰਾਜਿੰਦਰ ਮੋਹਨ ਛੀਨਾ, ਸੀਨੀਅਰ ਆਗੂ ਵਿਕਰਮ ਸਿੰਘ ਚੀਮਾ, ਜਤਿੰਦਰ ਮਿੱਤਲ ਅਤੇ ਸੀਨੀਅਰ ਆਗੂ ਜੀਵਨ ਗਰਗ ਮੌਜੂਦ ਸਨ।

ਇਥੇ ਦੇਖਣਯੋਗ ਗੱਲ ਇਹ ਰਹੀ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ। ਜਾਖੜ ਕਾਫ਼ੀ ਲੰਮੇ ਸਮੇਂ ਤੋਂ ਭਾਜਪਾ ਤੋਂ ਦੂਰੀ ਬਣਾਕੇ ਚੱਲ ਰਹੇ ਹਨ। ਹਾਲਾਂਕਿ ਪਿਛਲੇ ਦਿਨੀ ਕਿਸਾਨਾਂ ਦੇ ਮੁੱਦੇ ਨੂੰ ਲੈਕੇ ਉਹ ਸਾਹਮਣੇ ਆਏ ਅਤੇ ਉਹਨਾਂ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਿਆ। ਲੋਕ ਸਭਾ ਚੋਣਾਂ ਵਿੱਚ ਹੋਈ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਉਹਨਾਂ ਦੇ ਅਸਤੀਫਾ ਦੇ ਦੇਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਸਨ। ਉਸ ਸਮੇਂ ਤੋਂ ਹੀ ਜਾਖੜ ਨੇ ਭਾਜਪਾ ਤੋਂ ਦੂਰੀ ਬਣਾ ਲਈ ਸੀ।

ਜਾਖੜ ਭਾਜਪਾ ਦੀ ਕਿਸੇ ਵੀ ਬੈਠਕ ਵਿੱਚ ਸ਼ਾਮਿਲ ਨਹੀਂ ਸੀ ਹੋ ਰਹੇ। ਹਾਲਾਂਕਿ ਭਾਜਪਾ ਆਗੂ ਨੇ ਉਹਨਾਂ ਦੇ ਅਸਤੀਫਾ ਦੇਣ ਦੀ ਖ਼ਬਰ ਨੂੰ ਅਫਵਾਹ ਕਰਾਰ ਦਿੱਤਾ ਸੀ। ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਕਿਸਾਨ ਅੰਦੋਲਨ ਆਪਣੇ ਸਿਖਰ ‘ਤੇ ਹੈ। ਅਜਿਹੇ ‘ਚ ਭਾਜਪਾ ‘ਤੇ ਵੀ ਸਵਾਲ ਉੱਠ ਰਹੇ ਹਨ। ਪਿੱਛੇ ਜਿਹੇ ਪੰਜਾਬ ਬੰਦ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਭਾਜਪਾ ਆਗੂਆਂ ਨੂੰ ਘੇਰਨ ਦੀ ਗੱਲ ਕਹੀ ਸੀ।