ਤਲਵੰਡੀ ਸਾਬੋ : ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਖਸਖਸ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਅੱਜ ਵਿਸਾਖੀ ਦੇ ਪਵਿੱਤਰ ਤਿਉਹਾਰ ‘ਤੇ ਤਲਵੰਡੀ ਸਾਬੋ ਮੇਲੇ ’ਤੇ ਖਸਖਸ ਦੀ ਖੇਤੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਗਿਆ।
ਅਫੀਮ ਦੀ ਖੇਤੀ ਲਈ ਸੰਘਰਸ਼ ਕਰਨ ਵਾਲੀ ਪੰਜਾਬ ਇਨਸਾਫ ਟੀਮ ਦੀ ਅਗਵਾਈ ਵਿੱਚ ਅੱਜ ਇੱਖੇ ਵਿਸ਼ਾਲ ਰੈਲੀ ਰੱਖੀ ਗਈ ਸੀ। ਪਰ ਐਨ ਮੌਕੇ ‘ਤੇ ਪ੍ਰਸ਼ਾਸ਼ਨ ਵੱਲੋਂ ਰੈਲੀ ਰੋਕਣ ਕਾਰਨ ਲੋਕਾਂ ਨੇ ਵਿਸ਼ਾਲ ਮਾਰਚ ਕੱਢਿਆ। ਇਸ ਮਾਰਚ ਵਿੱਚ ਔਰਤਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਇਨਸਾਫ ਟੀਮ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਕਿਹਾ ਕਿ ਖਸਖਸ ਦੀ ਖੇਤੀ ਨਾਲ ਹੀ ਪੰਜਾਂਬ ਨੂੰ ਚਿੱਟੇ , ਟੀਕੇ, ਗੋਲੀਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ, ਯੂਪੀ ਅਤੇ ਐਮਪੀ ਸੂਬਿਆਂ ਵਾਂਗ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ।
ਕਮੇਟੀ ਦੇ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਖਸਖਸ ਲਿਆਓ, ਚਿੱਟਾ ਭਜਾਓ’ ਦੇ ਨਾਅਰਾ ਲਾ ਕੇ ਮਾਰਚ ਕੱਢਿਆ ਗਿਆ। ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਕਿੰਨੇ ਹੀ ਨੌਜਵਾਨ ਚਿੱਟੇ ਕਾਰਨ ਮਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਪੰਜਾਬ ਵਿਰੋਧੀ ਗਤੀਵਿਧੀਆਂ ਹਨ ਜੋ ਕਿ ਪੰਜਾਬ ਨੂੰ ਤਬਾਹ ਹੁੰਦਿਆਂ ਦੇਖਣਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਨਸ਼ਾ ਖ਼ਤਮ ਕਰਨ ਖਸਖਸ ਦੀ ਖੇਤੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਅਜਿਹੇ ਮਾਰਚ ਉਹ ਪੰਜਾਬ ਦੇ ਹਰ ਮੇਲੇ ਵਿੱਚ ਕੱਢਣਗੇ।
ਇਸ ਮੌਕੇ ਇਨਸਾਫ ਟੀਮ ਆਗੂ ਨੇ ਕਿਹਾ ਕਿ ਖ਼ਸਖ਼ਸ ਖੇਤੀ ਲਹਿਰ ਨੂੰ ਸਫਲ ਕਰਨ ਲਈ ਲੋਕਾਂ ਨੂੰ ਬਿਨਾਂ ਡਰ ਭੈਅ ਦੇ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ।