‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਵਿਚ ਡਿਪਰੈਸ਼ਨ ਯਾਨੀ ਕੇ ਮਾਨਸਿਕ ਤਣਾਅ ਦੇ ਸ਼ਿਕਾਰ ਇਕ ਵਿਅਕਤੀ ਵੱਡੀ ਖੌਫਨਾਕ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਸਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਪੰਜ ਲੋਕਾਂ ਦਾ ਕਤਲ ਕਰ ਦਿੱਤਾ।ਪ੍ਰਦੀਪ ਦੇਬਰੌਏ ਨਾਂ ਦੇ ਇਸ ਵਿਅਕਤੀ ਦੇ ਹੱਥੋਂ ਮਰਨ ਵਾਲਿਆਂ ਵਿਚ ਇਕ ਪੁਲਿਸ ਇੰਸਪੈਕਟਰ ਵੀ ਸ਼ਾਮਲ ਹੈ। ਦੇਬਰੌਏ ਨੇ ਆਪਣੀਆਂ ਦੋ ਨੌਜਵਾਨ ਲੜਕੀਆਂ ਅਤੇ ਛੋਟੇ ਭਰਾ ’ਤੇ ਅਚਾਨਕ ਹਮਲਾ ਕਰਕੇ ਇਹ ਕਾਰਾ ਕੀਤਾ ਅਤੇ ਉਨ੍ਹਾਂ ਦੀ ਮੌਕੇ ਉਤੇ ਹੀ ਹੱਤਿਆ ਕਰ ਦਿੱਤੀ।
ਪੁਲਿਸ ਮੁਤਾਬਿਕ ਇਹ ਘਟਨਾ ਸ਼ੇਵਰਾਤਲੀ ਪਿੰਡ ਵਿਚ ਵਾਪਰੀ ਹੈ।ਇਸ ਵਿਅਕਤੀ ਵੱਲੋਂ ਸੜਕ ਉਤੇ ਇਕ ਆਟੋ ਰਿਕਸ਼ਾ ਡਰਾਈਵਰ ਨੂੰ ਰੋਕ ਕੇ ਵੀ ਕਤਲ ਕੀਤਾ ਗਿਆ। ਇਸ ਹਮਲੇ ਵਿਚ ਰਿਕਸ਼ਾ ਡਰਾਈਵਰ ਦਾ ਪੁੱਤਰ ਗੰਭੀਰ ਜ਼ਖ਼ਮੀ ਹੈ। ਪਿੰਡ ਵਾਸੀਆਂ ਦੀ ਸੂਚਨਾ ‘ਤੇ ਪੁਲਿਸ ਇੰਸਪੈਕਟਰ ਸਤਿਆਜੀਤ ਮਲਿਕ ਦੀ ਅਗਵਾਈ ‘ਚ ਮੌਕੇ ‘ਤੇ ਪਹੁੰਚੀ। ਪੁਲਿਸ ਨੂੰ ਦੇਖ ਕੇ ਪ੍ਰਦੀਪ ਨੇ ਇੰਸਪੈਕਟਰ ਮਲਿਕ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ।ਪ੍ਰਦੀਪ ਨੂੰ ਫੜਦੇ ਹੋਏ ਇਕ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਮਲਿਕ ਨੂੰ ਸਥਾਨਕ ਹਸਪਤਾਲ ਤੋਂ ਅਗਰਤਲਾ ਸਰਕਾਰੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।ਇਸ ਹਤਿਆਰੇ ਵਿਅਕਤੀ ਦੇ ਗੁਆਂਢੀਆਂ ਨੇ ਦਾਅਵਾ ਕੀਤਾ ਹੈ ਕਿ ਪ੍ਰਦੀਪ ਛੋਟਾ ਵਪਾਰੀ ਹੈ ਅਤੇ ਉਹ ਗਾਂਜੇ ਦਾ ਆਦੀ ਹੈ।