‘ਦ ਖ਼ਾਲਸ ਬਿਊਰੋ :- ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੁੱਝ ਕਰਨਾ ਹੁੰਦਾ ਹੈ, ਉਹ ਲੋਕਾਂ ਦੇ ਇਕੱਠ ਦਾ ਇੰਤਜ਼ਾਰ ਨਹੀਂ ਕਰਦੇ। ਅਜਿਹੇ ਲੋਕ ਇਕੱਲੇ ਹੀ ਲੱਖਾਂ ਲੋਕਾਂ ਦੇ ਬਰਾਬਰ ਹੁੰਦੇ ਹਨ। ਕੁੱਝ ਅਜਿਹੀ ਉਦਾਹਰਣ ਪੇਸ਼ ਕੀਤੀ ਹੈ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸਾਦੁਲਸ਼ਹਿਰ ਦੇ ਪਤਲੀ ਬੈਰੀਅਰ ‘ਤੇ ਕਿਸਾਨ ਰਣਜੀਤ ਸਿੰਘ ਭੁੱਲਰ ਨੇ, ਜਿਸਨੇ ਕਿਸਾਨ ਜਥੇਬੰਦੀਆਂ ਦੇ ਅੱਜ ਭਾਰਤ ਬੰਦ ਦੇ ਸੱਦੇ ਉੱਤੇ ਇਸ ਬੰਦ ਨੂੰ ਸਫਲ ਬਣਾਉਣ ਲਈ ਇਕੱਲੇ ਹੀ ਸੜਕ ਦੇ ਵਿਚਕਾਰ ਇੱਟਾਂ-ਰੋੜਿਆਂ ਦਾ ਇੱਕ ਛੋਟਾ ਜਿਹਾ ਬੈਰੀਅਰ ਬਣਾ ਦਿੱਤਾ ਅਤੇ ਸੜਕ ‘ਤੇ ਸਾਈਕਲ ਖੜ੍ਹਾ ਕਰਕੇ ਚੱਕਾ ਜਾਮ ਕਰ ਦਿੱਤਾ।
ਬੇਸ਼ੱਕ, ਸੜਕ ‘ਤੇ ਲਾਇਆ ਇਹ ਬੈਰੀਅਰ ਬਹੁਤ ਛੋਟਾ ਹੈ ਪਰ ਰਣਜੀਤ ਸਿੰਘ ਦੇ ਵੱਡੇ ਹੌਂਸਲੇ ਦੇ ਨਾਲ ਸਰਕਾਰ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਜਾਣਗੀਆਂ। ਇਸਦੇ ਨਾਲ ਆਸ-ਪਾਸ ਦੇ ਲੋਕਾਂ ਨੂੰ ਜ਼ਰੂਰ ਪ੍ਰੇਰਣਾ ਮਿਲੇਗੀ ਤੇ ਹੋਰ ਲੋਕ ਵੀ ਉਸਦੇ ਨਾਲ ਖੜ੍ਹੇ ਹੋਣਗੇ। ਜ਼ਿਕਰਯੋਗ ਹੈ ਕਿ ਦੇਸ਼ਭਰ ਦੇ ਕਿਸਾਨਾਂ ਵੱਲੋਂ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰਾ ਭਾਰਤ ਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਭਾਰਤ ਬੰਦ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਹੈ।