ਅੰਮ੍ਰਿਤਸਰ : ਹਵਾਈ ਜਹਾਜ ਆਵਾਜਾਈ ਦਾ ਇੱਕ ਵਧੀਆ ਤੇ ਆਰਾਮਦਾਇਕ ਸਾਧਨ ਮੰਨਿਆ ਜਾਂਦਾ ਹੈ ਪਰ ਹੁਣ ਹਵਾਈ ਯਾਤਰਾ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਹੁਣ ਤਾਜ਼ੀ ਘਟਨਾ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ਵਿੱਚ ਵਾਪਰੀ ਹੈ।
ਦੁਬਈ-ਅੰਮ੍ਰਿਤਸਰ ਫਲਾਈਟ ‘ਚ ਸ਼ਰਾਬੀ ਹਾਲਤ ‘ਚ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਇਕ ਪੁਰਸ਼ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਸ਼ਨੀਵਾਰ ਨੂੰ ਏਅਰਹੋਸਟੇਸ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਉਸ ਦੀ ਏਅਰ ਹੋਸਟੈੱਸ ਨਾਲ ਤਿੱਖੀ ਬਹਿਸ ਹੋ ਗਈ। ਪੁਲਿਸ ਨੇ ਕਿਹਾ, “ਇਸ ਘਟਨਾ ਨੂੰ ਏਅਰ ਹੋਸਟੈਸ ਨੇ ਚਾਲਕ ਦਲ ਦੇ ਧਿਆਨ ਵਿੱਚ ਲਿਆਂਦਾ। ਦੋਸ਼ੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਸੀ।”
ਚਾਲਕ ਦਲ ਦੇ ਮੈਂਬਰਾਂ ਨੇ ਮਾਮਲੇ ਦੀ ਜਾਣਕਾਰੀ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਦਿੱਤੀ ਅਤੇ ਏਅਰਲਾਈਨ ਦੇ ਸਹਾਇਕ ਸੁਰੱਖਿਆ ਮੈਨੇਜਰ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਸ ਵਿਅਕਤੀ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।