ਰੋਪੜ : ਸੂਬੇ ਵਿੱਚ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ। ਆਏ ਦਿਨ ਸੜਕ ਹਾਦਸਿਆਂ ਦੌਰਾਨ ਕਈ ਲੋਕ ਆਪਣੀ ਜਾਨ ਗਵਾ ਲੈਂਦੇ ਹਨ। ਅਜਿਹਾ ਇੱਕ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਲਈ ਜਾ ਰਿਹਾ ਆਟੋ ਪਲਟ ਗਿਆ, ਜਿਸ ਵਿੱਚ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ।
ਇੱਕ ਆਟੋ ਵਿੱਚ ਨਿੱਜੀ ਸਕੂਲ ਲਈ ਜਾ ਰਹੇ ਬੱਚਿਆਂ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਆਟੋ ਆਨਯੰਤਰਿਤ ਹੋ ਕੇ ਪਲਟ ਗਿਆ। ਗਨੀਮਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਚਿਆਂ ਦੇ ਸੱਟਾਂ ਲੱਗੀਆਂ ਹਨ।
ਆਟੋ ਪਲਟਣ ਤੋਂ ਬਾਅਦ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਜਦੋਂ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਦੁਰਘਟਨਾ ਦਾ ਸਹਿਮ ਉਹਨਾਂ ਦੇ ਚਿਹਰਿਆਂ ਉੱਤੇ ਸਾਫ ਤੌਰ ਉੱਤੇ ਦਿਖਾਈ ਦੇ ਰਿਹਾ ਸੀ। ਜ਼ਿਆਦਾਤਰ ਬੱਚੇ ਛੋਟੇ ਸਨ ਅਤੇ ਬੱਚਿਆਂ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਕਰੀਬ 5 ਬੱਚੇ ਆਟੋ ਵਿੱਚ ਬੈਠੇ ਹੋਏ ਸਨ ਜੋ ਸਤਲੁਜ ਦਰਿਆ ਤੋਂ ਰੋਪੜ ਵਾਲੇ ਪਾਸੇ ਨੂੰ ਨਿੱਜੀ ਸਕੂਲ ਵੱਲ ਜਾ ਰਹੇ ਸਨ।
ਬੱਚਿਆਂ ਨੇ ਕਿਹਾ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਹੋਇਆ ਅਤੇ ਜਦੋਂ ਉਹ ਬੋਤਲ ਨੂੰ ਟਿਕਾ ਰਹੇ ਸਨ ਤਾਂ ਬੋਤਲ ਦਾ ਕੋਈ ਹਿੱਸਾ ਹੈਂਡਲ ਦੇ ਵਿੱਚ ਫਸ ਗਿਆ ਜਿਸ ਤੋਂ ਬਾਅਦ ਆਟੋ ਪਲਟ ਗਿਆ ਲੇਕਿਨ ਰਫ਼ਤਾਰ ਘੱਟ ਹੋਣ ਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਫਿਲਹਾਲ ਬੱਚਿਆਂ ਦਾ ਇਲਾਜ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਬੱਚਿਆਂ ਦੇ ਮਾਤਾ ਪਿਤਾ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਏ ਅਤੇ ਆਪਣੇ ਬੱਚਿਆਂ ਦੇ ਨਾਲ ਮੌਜੂਦ ਹਨ।