Punjab

ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ‘ਚੋਂ ਆਈ ਕਿਸਦੀ ਚਿੱਠੀ … !

A letter from jail to Amritpal Singh

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਇੱਕ ਗੈਂਗਸਟਰ ਵੱਲੋਂ ਚਿੱਠੀ ਲਿਖੀ ਗਈ ਹੈ। ਸੂਤਰਾਂ ਮੁਤਾਬਕ ਗੈਂਗਸਟਰ ਨੇ ਚਿੱਠੀ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਪੱਤਰ ਸੁਰੱਖਿਆ ਏਜੰਸੀਆਂ ਦੇ ਹੱਥ ਹੈ। ਸੂਤਰਾਂ ਮੁਤਾਬਕ ਜੈਪਾਲ ਗੈਂਗ ਦੇ ਗੈਂਗਸਟਰ ਰਾਜੀਵ ਉਰਫ਼ ਰਾਜਾ ਨੇ ਬਠਿੰਡਾ ਜੇਲ੍ਹ ਤੋਂ ‘ਵਾਰਿਸ ਪੰਜਾਬ’ ਦੇ ਅੰਮ੍ਰਿਤਪਾਲ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਇੱਕ ਪਾਸੇ ਤੁਸੀਂ ਇਕੱਠੇ ਹੋ ਰਹੇ ਹੋ ਅਤੇ ਦੂਜੇ ਪਾਸੇ ਖਾਲਿਸਤਾਨ ਦਾ ਸਮਰਥਨ ਕਰ ਰਹੇ ਹੋ ਅਤੇ ਨੌਜਵਾਨਾਂ ਨੂੰ ਸੰਦੇਸ਼ ਦੇ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਕੀ ਤੁਸੀਂ ਇੱਕ ਵਾਰ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰਚ ਰਹੇ ਹੋ?

ਗੈਂਗਸਟਰ ਰਾਜੀਵ ਕੁਮਾਰ ਉਰਫ਼ ਰਾਜਾ ਨੇ ਆਪਣੇ ਪੱਤਰ ਵਿੱਚ ਅੰਮ੍ਰਿਤਪਾਲ ਨੂੰ ਦੱਸਿਆ ਹੈ ਕਿ ਮੇਰੀ ਉਮਰ 38 ਸਾਲ ਹੈ ਅਤੇ ਪਿਛਲੇ 17 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ। ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਮੈਂ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਤੁਹਾਡਾ ਬਹੁਤ ਸਾਰਾ ਪ੍ਰਚਾਰ ਦੇਖ ਰਿਹਾ ਹਾਂ, ਜਿਸ ਵਿੱਚ ਤੁਹਾਡੇ ਭਾਸ਼ਣ ਕੀ ਸਾਬਤ ਕਰਨਾ ਚਾਹੁੰਦੇ ਹਨ? ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ ਕਿ ਅੰਮ੍ਰਿਤਪਾਲ ਅਜਿਹੇ ਭੜਕਾਊ ਭਾਸ਼ਣ ਨਾ ਦੇਵੇ, ਜਿਸ ਨਾਲ ਪੰਜਾਬ ਦਾ ਮਾਹੌਲ ਮੁੜ ਵਿਗੜ ਜਾਵੇ ਕਿਉਂਕਿ 80 ਅਤੇ 90 ਦੇ ਦਹਾਕੇ ‘ਚ ਪੰਜਾਬ ‘ਚ ਜਿਸ ਤਰ੍ਹਾਂ ਦੇ ਕਾਲੇ ਦੌਰ ਆਏ, ਜਿਸ ਤਰ੍ਹਾਂ ਪਰਿਵਾਰਾਂ ਦੇ ਪੁੱਤ ਮਰੇ, ਉਨ੍ਹਾਂ ਨੂੰ ਜਾ ਕੇ ਪੁੱਛੋ ਕਿ ਉਨ੍ਹਾਂ ਨੇ ਹਾਲਾਤ ਕਿਵੇਂ ਦੇਖੇ ਹਨ। ਤਿੰਨ ਪੰਨਿਆਂ ਦੀ ਚਿੱਠੀ ‘ਚ ਗੈਂਗਸਟਰ ਨੇ ਲਿਖਿਆ ਹੈ ਕਿ ਅੰਮ੍ਰਿਤਪਾਲ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਕ ਵਾਰ ਤੁਸੀਂ ਕੁਝ ਸਾਲ ਜੇਲ ‘ਚ ਰਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਜ਼ਿੰਦਗੀ ਕਿਹੋ ਜਿਹੀ ਹੈ। ਗੈਂਗਸਟਰ ਨੇ ਪੱਤਰ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਾਰੇ ਵੀ ਖੁਲਾਸਾ ਕੀਤਾ ਹੈ।