‘ਦ ਖ਼ਾਲਸ ਬਿਊਰੋ :- ਕੈਨੇਡਾ ਵਿੱਚ ਪੱਕੇ ਹੋਣ ਲਈ ਬਹੁਤ ਘੱਟ ਸਮੇਂ ਵਿੱਚ 20 ਹਜ਼ਾਰ ਵਿਦਿਆਰਥੀਆਂ ਨੇ ਅਰਜ਼ੀਆਂ ਭਰੀਆਂ ਹਨ। ਕੈਨੇਡਾ ਸਰਕਾਰ ਨੇ 90,000 ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦੇਣ ਵਾਸਤੇ ਨਿਊ ਪਾਥਵੇਅ ਟੂ ਪਰਮਾਨੈਂਟ ਰੈਜ਼ਿਡੈਂਸੀ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ‘ਚ ਦਰਖਾਸਤਾਂ ਦੇਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੇ ਲਗਭਗ ਅੱਧੀ ਸੰਖਿਆ ਵਿੱਚ ਆਪੋ ਆਪਣੀਆਂ ਦਰਖਾਸਤਾਂ ਪਹਿਲੇ ਹੀ ਦਿਨ ਜਮਾਂ ਕਰਵਾ ਦਿੱਤੀਆਂ ਹਨ।
ਕੈਲਗਰੀ ਦੇ ਸਮੇਂ ਅਨੁਸਾਰ ਬੀਤੇ ਕੱਲ੍ਹ ਸਵੇਰੇ 10 ਵਜੇ ਤੋਂ ਦਰਖਾਸਤਾਂ ਦੇਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਪਹਿਲੇ 45 ਮਿੰਟਾਂ ਵਿੱਚ ਹੀ 7000 ਦਰਖਾਸਤਾਂ ਜਮ੍ਹਾਂ ਹੋ ਗਈਆਂ ਸਨ। ਦੇਰ ਰਾਤ ਤੱਕ 20 ਹਜ਼ਾਰ ਦੇ ਕਰੀਬ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਆਪੋ-ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਦਿੱਤੀਆਂ ਹਨ। ਇਸ ਵਾਸਤੇ ਫੀਸ ਜਮ੍ਹਾਂ ਕਰਵਾਉਣ ਵਿੱਚ ਕਈ ਵਿਅਕਤੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਸੂਤਰਾਂ ਦੀ ਜਾਣਕਾਰੀ ਮੁਤਾਬਕ ਕਈ ਕੰਮ ਮਾਲਕਾਂ ਨੇ ਜੌਬ ਲੈਟਰ ਦੇਣ ਬਦਲੇ ਵਿਦਿਆਰਥੀਆਂ ਤੋਂ 2 ਤੋਂ ਢਾਈ ਹਜ਼ਾਰ ਡਾਲਰ ਵਸੂਲ ਕੀਤੇ ਅਤੇ ਕਈ ਫੋਟੋਗ੍ਰਾਫ਼ਰਜ਼ ਨੇ ਫੋਟੋ ਖਿੱਚ੍ਹਣ ਲਈ ਨਿਰਧਾਰਤ ਰਕਮ ਤੋਂ ਕਿਤੇ ਜ਼ਿਆਦਾ ਰਕਮ ਵਸੂਲ ਕੀਤੀ। ਇਸ ਪ੍ਰੋਗਰਾਮ ਵਿੱਚ 40 ਹਜ਼ਾਰ ਵਿਦੇਸ਼ੀ ਵਿਦਿਆਰਥੀ, ਹੈਲਥ ਕੇਅਰ ਵਿੱਚ ਕੰਮ ਕਰ ਰਹੇ 20 ਹਜ਼ਾਰ ਅਸਥਾਈ ਵਰਕਰਜ਼ ਅਤੇ 30 ਹਜ਼ਾਰ ਇਸੈਂਸ਼ਿਅਲ ਔਕਿਉਪੇਸ਼ਨਜ਼ ਵਿੱਚ ਲੱਗੇ ਅਸਥਾਈ ਵਰਕਰਾਂ ਨੂੰ ਦਰਖਾਸਤਾਂ ਦੇਣ ਨੂੰ ਕਿਹਾ ਗਿਆ ਹੈ।
Comments are closed.