Punjab

ਸ਼ਹੀਦਾਂ ਦੀ ਯਾਦ ਵਿੱਚ ਅੰਮ੍ਰਿਤਸਰ ਵਿਖੇ ਹੋਇਆ ਵੱਡਾ ਇੱਕਠ

‘ਦ ਖਾਲਸ ਬਿਉਰੋ:ਸ਼ਹੀਦਾਂ ਦੀ ਯਾਦ ਵਿੱਚ ਤੇ ਹੋਰ ਕਿਸਾਨੀ ਮੱਸਲਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਇੱਕ ਬਹੁਤ ਵੱਡਾ ਇੱਕਠ ਹੋਇਆ ,ਜਿਸ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਕਿਸਾਨਾਂ-ਮਜ਼ਦੂਰਾਂ ਤੇ
ਬੀਬੀਆਂ ਨੇ ਵੱਡੀ ਸੰਖਿਆ ਵਿੱਚ ਹਾਜ਼ਰੀ ਭਰੀ। ਜਿਸ ਵਿੱਚ ਸਭ ਤੋਂ ਪਹਿਲਾਂ ਖੜੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ 2022 ਆਉਣ ਤੇ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕਰ ਸਕੀ ਸਗੋਂ ਕਣਕ ਦੀ ਖਰੀਦ ਉੱਤੇ ਬੇਲੋੜੀਆਂ ਸ਼ਰਤਾਂ ਲਾਗੂ ਕਰ ਰਹੀ ਹੈ। ਐੱਮ.ਐੱਸ.ਪੀ ਦਾ ਗਰੰਟੀ ਕਾਨੂੰਨ ਬਣਾਉਣ ਤੋ ਮੁੱਕਰ ਚੁੱਕੀ ਹੈ ਅਤੇ ਨਾਂ ਹੀ ਕਿਸਾਨਾਂ ਉਤੇ ਹੋਏ ਕੇਸ ਵਾਪਸ ਲਏ ਗਏ ਹਨ। ਚੋਣਾਂ ਤੋਂ ਬਾਅਦ ਪੈਟਰੋਲ -ਡੀਜ਼ਲ ਤੇ ਹੋਰ ਚੀਜਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਮੁਲਾਜ਼ਮਾ ਉੱਤੇ ਕੇਂਦਰੀ ਕਾਨੂੰਨ ਲਾਗੂ ਕਰਕੇ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਰਾਜਾਂ ਦੀ ਹਿੱਸੇਦਾਰੀ ਖਤਮ ਕਰ ਰਹੀ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਅੰਦੋਲਨ ਖੜੇ ਕਰਕੇ ਕੇਂਦਰ ਸਰਕਾਰ ਨੂੰ ਅਜਿਹੇ ਫੈਸਲੇ ਵਾਪਸ ਲੈਣ ਲਈ ਮਜ਼ਬੂਰ ਕਰਾਂਗੇ। ਇਸ ਇਕੱਠ ਵੇਲੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਵਰਲਡ ਬੈਂਕ,ਵਿਸ਼ਵ ਵਪਾਰ ਸੰਸਥਾ,ਮੁਦਰਾ ਕੋਸ਼ ਫੰਡ ਦੀਆਂ ਨੀਤੀਆਂ ਵਾਪਸ ਲੈਣ ਦੀ ਮੰਗ ਕੀਤੀ ਅਤੇ ਦੇਸ਼ ਭਰ ਦੇ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਦੀ ਪੂਰਨ ਹਮਾਇਤ ਕੀਤੀ।ਆਗੂਆਂ ਨੇ ਐਲਾਨ ਕੀਤਾ ਕਿ ਨਸ਼ਾਬੰਦੀ ਅਤੇ ਪੁਲਿਸ ਨਾਲ ਲੰਮੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਨ ਲਈ 16 ਅਪ੍ਰੈਲ ਨੂੰ ਐੱਸ.ਐੱਸ.ਪੀ. ਦਿਹਾਤੀ ਅੱਗੇ ਧਰਨਾ ਦਿੱਤਾ ਜਾਵੇਗਾ।