ਅਮਰੀਕਾ : ਨਾਸਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਮਨੁੱਖ ਚੰਦਰਮਾ ‘ਤੇ ਰਹਿ ਸਕੇਗਾ। ‘ਦਿ ਗਾਰਡੀਅਨ’ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਏਜੰਸੀ ਦੇ ਓਰੀਅਨ ਚੰਦਰ ਪੁਲਾੜ ਯਾਨ ਪ੍ਰੋਗਰਾਮ ਦੇ ਮੁਖੀ ਹਾਵਰਡ ਹੂ ਨੇ ਕਿਹਾ ਕਿ ਮਨੁੱਖ 2030 ਤੋਂ ਪਹਿਲਾਂ ਚੰਦਰਮਾ ‘ਤੇ ਸਰਗਰਮ ਹੋ ਸਕਦਾ ਹੈ,ਜਿਥੇ ਉਨ੍ਹਾਂ ਦੇ ਰਹਿਣ ਲਈ ਜਗਾ ਹੋਵੇਗੀ ਤੇ ਕੰਮ ਦਾ ਸਮਰਥਨ ਕਰਨ ਲਈ ਰੋਵਰ ਹੋਣਗੇ।
ਉਨ੍ਹਾਂ ਨੇ ਐਤਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਇਸ ਦਹਾਕੇ ‘ਚ ਅਸੀਂ ਚੰਦ ‘ਤੇ ਕੁਝ ਲੰਬੇ ਸਮੇਂ ਲਈ ਰਹਿਣ ਜਾ ਰਹੇ ਹਾਂ। ਪਰ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅਸੀਂ ਚੰਦ ‘ਤੇ ਕਿੰਨਾ ਸਮਾਂ ਰਹਾਂਗੇ। ਇਨਸਾਨਾਂ ਦੇ ਰਹਿਣ ਲਈ ਜਗ੍ਹਾ ਹੋਵੇਗੀ, ਜ਼ਮੀਨ ‘ਤੇ ਰੋਵਰ ਹੋਣਗੇ। ਅਸੀਂ ਮਨੁੱਖਾਂ ਨੂੰ ਚੰਦਰਮਾ ਦੀ ਧਰਤੀ ‘ਤੇ ਭੇਜਾਂਗੇ ਅਤੇ ਉਹ ਉਥੇ ਰਹਿ ਕੇ ਵਿਗਿਆਨਕ ਕੰਮ ਕਰਨਗੇ।
ਓਰੀਅਨ ਪੁਲਾੜ ਯਾਨ ਨੇ ਪਿਛਲੇ ਬੁੱਧਵਾਰ ਫਲੋਰੀਡਾ ਤੋਂ ਸਫਲਤਾਪੂਰਵਕ ਉਡਾਨ ਭਰੀ ਹੈ। ਹਾਵਰਡ ਹੂ ਨੇ ਆਰਟੇਮਿਸ ਰਾਕੇਟ ਵੱਲੋਂ ਓਰੀਅਨ ਪੁਲਾੜ ਯਾਨ ਨੂੰ ਲੈ ਕੇ ਜਾਣ ਨੂੰ ਮਨੁੱਖੀ ਪੁਲਾੜ ਉਡਾਣ ਲਈ “ਇਤਿਹਾਸਕ ਦਿਨ” ਦੱਸਿਆ ਹੈ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੇ ਸਫਲ ਹੋਣ ਦੀ ਸੂਰਤ ਵਿੱਚ ਆਰਟੇਮਿਸ 2 ਅਤੇ 3 ਦੀਆਂ ਉਡਾਣਾਂ ਦਾ ਰਸਤਾ ਸਾਫ਼ ਹੋ ਜਾਵੇਗਾ, ਜਿਸ ਵਿਚ ਪੁਲਾੜ ਯਾਤਰੀਆਂ ਵਾਲੇ ਮਿਸ਼ਨ ਚੰਦ ‘ਤੇ ਭੇਜੇ ਜਾਣਗੇ।
ਆਰਟੇਮਿਸ ਪ੍ਰੋਗਰਾਮ ‘ਤੇ ਭਵਿੱਖ ਵਿੱਚ, ਚੰਦਰਮਾ ‘ਤੇ ਰਹਿਣ ਲਈ ਪੁਲਾੜ ਯਾਤਰੀਆਂ ਲਈ ਇੱਕ ਸਪੇਸ ਸਟੇਸ਼ਨ ਦੇ ਨਿਰਮਾਣ ਅਤੇ ਵਿਕਾਸ ਦੀ ਜ਼ਿੰਮੇਵਾਰੀ ਵੀ ਹੋਵੇਗੀ।
ਓਰੀਅਨ ਕੈਪਸੂਲ ਦੀ 11 ਦਸੰਬਰ ਨੂੰ ਧਰਤੀ ‘ਤੇ ਵਾਪਸੀ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਇਹ ਡੂੰਘੇ ਪੁਲਾੜ ਵਿੱਚ ਲੰਬੀਆਂ ਖੋਜਾਂ ਲਈ ਸਾਡਾ ਪਹਿਲਾ ਕਦਮ ਹੈ। ਇਹ ਸਿਰਫ ਅਮਰੀਕਾ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਹੈ। ਮੈਨੂੰ ਲੱਗਦਾ ਹੈ ਕਿ ਇਹ ਨਾਸਾ ਲਈ ਇਤਿਹਾਸਕ ਦਿਨ ਹੈ, ਪਰ ਹਰ ਉਸ ਵਿਅਕਤੀ ਲਈ ਇਤਿਹਾਸਕ ਦਿਨ ਹੈ ਜੋ ਪੁਲਾੜ ਵਿੱਚ ਮਨੁੱਖਾਂ ਨੂੰ ਦੇਖਣ ਦੀ ਇੱਛਾ ਰੱਖਦਾ ਹੈ।
ਨਾਸਾ ਆਰਟੇਮਿਸ ਪ੍ਰੋਗਰਾਮ ਨੂੰ ਮੰਗਲ ਗ੍ਰਹਿ ‘ਤੇ ਜਾਣ ਵਰਗੇ ਉਤਸ਼ਾਹੀ ਪ੍ਰੋਗਰਾਮ ਦੀ ਸ਼ੁਰੂਆਤ ਵਜੋਂ ਦੇਖ ਰਿਹਾ ਹੈ। 1972 ਵਿਚ ਅਪੋਲੋ 17 ਮਿਸ਼ਨ ਤੋਂ ਬਾਅਦ, ਮਨੁੱਖ ਚੰਦਰਮਾ ‘ਤੇ ਦੁਬਾਰਾ ਨਹੀਂ ਗਿਆ ਹੈ।