Punjab

SGPC ਚੋਣਾਂ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਇਆ ਭਾਰੀ ਇਕੱਠ,ਰੋਸ ਮਾਰਚ ਵੀ ਕੱਢਿਆ ਗਿਆ।

ਮੁਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਮੁੱਦੇ ਨੂੰ ਲੈ ਕੇ,ਜੱਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ , ਗੁਰਦਆਰਾ ਅੰਬ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ।ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਹਾਜਰੀ ਭਰੀ।

ਇਸ ਮੌਕੇ ਹਾਜਰ ਹੋਏ ਸਿੱਖ ਵਿਦਵਾਨਾਂ ਤੇ ਬੁਲਾਰਿਆਂ ਨੇ ਜੁੜੀ ਸੰਗਤ ਨੂੰ ਸੰਬੋਧਨ ਕੀਤਾ। ਜਿਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਤੋਂ ਲੈ ਕੇ ਵਾਈਪੀਐਸ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ ਗਿਆ।


ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਦੀ ਇਕ ਸਿਰਮੌਰ ਸੰਸਥਾ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤੀ ਸੰਵਿਧਾਨ ਦੇ ਤਹਿਤ ਬਣੀ ਹੈ। ਕਾਨੂੰਨ ਦੇ ਮੁਤਾਬਿਕ ਹਰ ਪੰਜ ਸਾਲ ਬਾਅਦ ਸਿੱਖ ਸੰਗਤ ਵਲੋਂ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਚੋਣ ਹੋਣੀ ਚਾਹੀਦੀ ਹੈ। ਇਸ ਹਿਸਾਬ ਨਾਲ 2016 ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਸਨ ਪਰ ਹੁਣ ਦੁਗਣਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੇਂਦਰੀ ਸਰਕਾਰ ਅਤੇ ਸੂਬਾਈ ਸਰਕਾਰ ਚੋਣਾਂ ਕਰਵਾਉਣ ਵੱਲ ਕੋਈ ਗੰਭੀਰ ਕਦਮ ਨਹੀਂ ਚੁੱਕ ਰਹੀਆਂ ਹਨ ।

ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦੇ ਭਾਰਤ ਵਿੱਚ ਪੰਚਾਇਤ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਸਮੇਂ ਸਿਰ ਹੁੰਦੀਆ ਆ ਰਹੀਆਂ ਹਨ ਪਰ ਸਿੱਖਾਂ ਨੂੰ ਆਪਣੇ ਗੁਰਦਆਰਿਆਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇਸ ਲੋਕਤੰਤਰਿਕ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਕਿ ਚੋਣਾਂ ਸਮੇਂ ਸਿਰ ਨਾਂ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ ਪਰ ਸੂਬਾਈ ਸਰਕਾਰ ਅਤੇ ਕੇਂਦਰ ਸਰਕਾਰ ਦੀ ਕਾਬਜ ਧਿਰ ਨਾਲ ਮਿਲੀਭੁਗਤ ਜਾਂ ਸਿੱਖ ਮਸਲਿਆਂ ਵਿੱਚ ਅਣਗਿਹਲੀ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਪਰਿਵਾਰ ਦੇ ਨਿੱਜੀ ਦਫ਼ਤਰ ਬਣ ਕੇ ਰਹਿ ਗਏ ਹਨ ।

ਜਿਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਤੇ ਉਹ ਸਿੱਖ ਭਾਵਨਾਵਾਂ ਦੀ ਅਣਦੇਖੀ ਕਰਨ ਲਈ ਦੋਵਾਂ ਸਰਕਾਰਾਂ ਨੂੰ ਵੀ ਬਰਾਬਰ ਦਾ ਦੋਸ਼ੀ ਸਮਝਦੀ ਹੈ।
ਉਹਨਾਂ ਅੱਗੇ ਕਿਹਾ ਕਿ ਸਾਡੀ ਰਾਜਪਾਲ ਸਾਹਿਬ ਨੂੰ ਇਕ ਵਾਰ ਫਿਰ ਅਪੀਲ ਹੈ ਕਿ ਸਿੱਖ ਸੰਗਤ ਦੇ ਸਬਰ ਸੰਤੋਖ ਨੂੰ ਹੋਰ ਨਾਂ ਪਰਖਣ ।ਸਿੱਖਾਂ ਦੇ ਲੋਕਤੰਤਰਿਕ ਹੱਕ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਸੰਗਤ ਮੈਂਬਰ ਚੁੱਣ ਆਪਣੇ ਪਾਵਨ ਅਸਥਾਨਾਂ ਦਾ ਪ੍ਰਬੰਧ ਸੁਹਿਰਦ ਅਤੇ ਸੁੱਚਜੇ ਹੱਥਾਂ ਵਿੱਚ ਦੇ ਸਕਣ ।
ਸਿੰਘ ਸਾਹਿਬ ਨੇ ਅੱਗੇ ਸਪੱਸ਼ਟ ਕੀਤਾ ਕਿ ਜੇਕਰ ਹਾਲੇ ਵੀ ਸਰਕਾਰ ਨੇ ਸਾਡੀ ਇਸ ਹੱਕੀ ਮੰਗ ਵੱਲ ਧਿਆਨ ਨਹੀਂ ਦਿੱਤਾ ਤਾਂ ਅਸੀਂ ਖਾਲਸਾਈ ਰਵਾਇਤ ਅਨੁਸਾਰ ਇਹਨਾਂ ਨਰਾਇਣ ਮਹੰਤ ਦੇ ਵਾਰਸਾਂ ਤੋਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਾਂਗੇ । ਇਸ ਲਈ ਸਾਨੂੰ ਸ਼ਹਾਦਤ ਵੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਾਂਗੇ ।