India

ਗਰਲਜ਼ ਹੋਸਟਲ ਦੇ ਵਾਸ਼ਰੂਮ ‘ਚ ਲੱਗਿਆ ਸੀ ਗੁਪਤ ਕੈਮਰਾ, ਮੁਲਜ਼ਮ ਨੇ ਲੀਕ ਕੀਤੀਆਂ 300 ਫੋਟੋਆਂ ਤੇ ਵੀਡੀਓਜ਼

 ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਇੰਜੀਨੀਅਰਿੰਗ ਕਾਲਜ ਦੇ ਗਰਲਜ਼ ਹੋਸਟਲ ਦੇ ਵਾਸ਼ਰੂਮ (ਟਾਇਲਟ) ‘ਚ ਗੁਪਤ ਕੈਮਰਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੈਮਰਿਆਂ ਰਾਹੀਂ ਕੁਝ ਵੀਡੀਓ ਰਿਕਾਰਡ ਕਰਕੇ ਵੇਚੇ ਗਏ। ਇਹ ਘਟਨਾ ਕ੍ਰਿਸ਼ਨਨ ਜ਼ਿਲ੍ਹੇ ਦੇ ਗੁਡਲਾਵੇਲੇਰੂ ਇੰਜੀਨੀਅਰਿੰਗ ਕਾਲਜ ਦੀ ਹੈ।

ਕੈਮਰਿਆਂ ਰਾਹੀਂ ਵਿਦਿਆਰਥਣਾਂ ਦੀਆਂ ਵੀਡੀਓ ਰਿਕਾਰਡ ਕੀਤੀਆਂ ਜਾ ਰਹੀਆਂ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਵੇਚਿਆ ਗਿਆ। ਪੁਲਿਸ ਮੁਤਾਬਕ ਲੀਕ ਹੋਈਆਂ ਫੋਟੋਆਂ ਅਤੇ ਵੀਡੀਓਜ਼ ਦੀ ਗਿਣਤੀ 300 ਦੇ ਕਰੀਬ ਹੈ। ਇਸ ਮਾਮਲੇ ‘ਚ ਪੁਲਿਸ ਨੇ ਗੁਡੀਵਾੜਾ ਦੇ ਗੁਡਲਾਵਲੇਰੂ ਕਾਲਜ ਆਫ਼ ਇੰਜੀਨੀਅਰਿੰਗ ਦੇ ਬੀ.ਟੈਕ ਫਾਈਨਲ ਈਅਰ ਦੇ ਵਿਦਿਆਰਥੀ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਫ਼ੋਨ ਅਤੇ ਲੈਪਟਾਪ ਵੀ ਜ਼ਬਤ ਕਰ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗੁਡਲਾਵੇਲੇਰੂ ਕਾਲਜ ਆਫ ਇੰਜੀਨੀਅਰਿੰਗ ਨੂੰ ਇਕ ਹਫਤਾ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਕਾਲਜ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਵੀਰਵਾਰ ਨੂੰ ਵਿਦਿਆਰਥਣਾਂ ਨੇ ਵਿਰੋਧ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਲਜ ਇਸ ਮਾਮਲੇ ਨੂੰ ਛੁਪਾਉਣਾ ਚਾਹੁੰਦਾ ਸੀ। ਇਹ ਖਬਰ ਮੀਡੀਆ ਤੱਕ ਪਹੁੰਚਣ ਤੋਂ ਰੋਕਣ ਲਈ ਕਾਲਜ ਦੇ ਗੇਟ ਵੀ ਬੰਦ ਕਰ ਦਿੱਤੇ ਗਏ। ਹਾਲਾਂਕਿ ਵਿਦਿਆਰਥਣਾਂ ਨੇ ਦੇਰ ਰਾਤ ਤੱਕ ਧਰਨਾ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਸ਼ੀ ਤੋਂ ਪੁੱਛਗਿੱਛ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਆਰੋਪੀ ਦੇ ਲੈਪਟਾਪ ਚੋਂ ਮਿਲੇ 300 ਤੋਂ ਵੱਧ ਵੀਡੀਓਜ਼

ਇਮਤਿਹਾਨਾਂ ਦੌਰਾਨ, ਲਗਭਗ 300 ਅਸ਼ਲੀਲ ਵੀਡੀਓਜ਼ ਮਿਲੇ ਹਨ, ਦੱਸਿਆ ਜਾ ਰਿਹਾ ਹੈ ਕਿ ਇਸ ਘਿਣੌਨੀ ਹਰਕਤ ਦੇ ਪਿੱਛੇ ਪੂਰੀ ਤਰ੍ਹਾਂ ਨਾਲ ਵਿਜੇ ਦਾ ਹੀ ਹੱਥ ਹੋ ਸਕਦਾ ਹੈ। ਵੀਡੀਓਜ਼ ਦੀ ਰਿਕਾਰਡਿੰਗ ਜਾਂ ਫੁਟੇਜ ਵੰਡਣ ਵਿਚ ਮੁੱਖ ਤੌਰ ਤੇ ਉਸਦਾ ਹੀ ਹੱਥ ਹੈ। ਇਹ ਖੁਲਾਸਾ ਹੋਣ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ। ਵਿਦਿਆਰਥਣਾਂ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰੋਪੀ ਖਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਸਖ਼ਤ ਸੁਰੱਖਿਆ ਇੰਤਜ਼ਾਮਾਂ ਦੀ ਮੰਗ ਕੀਤੀ ਹੈ। ਉੱਧਰ, ਪੁਲਿਸ ਸਾਰੇ ਪਹਿਲੂਆਂ ਦੀ ਡੁੰਘਾਈ ਨਾਲ ਪੜਚੋਲ ਕਰ ਰਹੀ ਹੈ, ਜਿਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਵਿਜੇ ਨੇ ਵੀਡੀਓ ਨੂੰ ਤੀਜੀ ਧਿਰ ਨੂੰ ਵੇਚਿਆ ਹੋਵੇ। ਜੇਕਰ ਅਜਿਹਾ ਹੈ ਤਾਂ ਪੁਲਿਸ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣ ਸਕਦਾ ਹੈ।