Punjab

ਭਾਰੀ ਜੁਰਮਾਨਾ ਵੀ ਲਗਾਇਆ ਅਤੇ ਬਿਜਲੀ ਵੀ ਕੱਟੀ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੂਸ਼ਮਣ ਕੰਟਰੋਲ ਬੋਰਡ ਨੇ ਹੀਰੋ ਸਟੀਲਜ਼ ਲਿਮਟਿਡ ਗਿਆਸਪੁਰਾ ਲੁਧਿਆਣਾ ਨੂੰ ਸੀਵਰੇਜ ‘ਚ ਗੰਦਾ ਪਾਣੀ ਸੁੱਟਣ ‘ਤੇ 10 ਲੱਖ ਦਾ ਜੁਰਮਾਨਾ ਲਾ ਦਿੱਤਾ ਹੈ। ਦਰਅਸਲ, ਬੋਰਡ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਯੂਨਿਟਾਂ ਦੀ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦੀ ਸਹੀ ਤਰੀਕੇ ਨਾਲ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਵਿੱਚ ਕਿਸੇ ਵੀ ਉਦਯੋਗ ਤੋਂ ਅਣਸੋਧਿਆ ਗੰਦਾ ਪਾਣੀ ਤਾਂ ਨਹੀਂ ਛੱਡਿਆ ਜਾ ਰਿਹਾ।

ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਚਾਨਕ ਇੱਥੇ ਛਾਪਾ ਮਾਰਿਆ ਤਾਂ ਦੇਖਿਆ ਕਿ ਯੂਨਿਟ ਇਕ ਪਾਈਪਲਾਈਨ ਨਾਲ ਅਣਸੋਧਿਆ ਤੇਜ਼ਾਬੀ ਪਾਣੀ ਸੀਵਰੇਜ ਸਿਸਟਮ ਵਿੱਚ ਸੁੱਟ ਰਿਹਾ ਸੀ। ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੁਰੰਤ ਕਾਰਵਾਈ ਕਰਦੇ ਹੋਏ ਯੂਨਿਟ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਤੇ ਨਾਲ ਹੀ ਹੀਰੋ ਸਟੀਲਜ਼ ਲਿਮਟਿਡ ਨੂੰ ਹੋਣ ਵਾਲੀ ਬਿਜਲੀ ਸਪਲਾਈ ਨੂੰ ਵੀ ਕੱਟ ਦਿੱਤਾ ਹੈ ਤੇ ਯੂਨਿਟ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸਦੇ ਨਾਲ ਹੀ ਭਵਿੱਖ ਵਿੱਚ ਅਜਿਹੀ ਕੋਈ ਵੀ ਅਣਅਧਿਕਾਰਤ ਗਤੀਵਿਧੀ ਨਾ ਕਰਨ ਦੇ ਭਰੋਸੇ ਵਜੋਂ 50.00 ਲੱਖ ਰੁਪਏ ਬੈਂਕ ਗਾਰੰਟੀ ਜਮ੍ਹਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।