ਚੰਡੀਗੜ੍ਹ : ਦਿਨੋਂ ਦਿਨ ਨਸ਼ਿਆਂ ਕਾਰਨ ਮਰ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਠੇ ਪਹਿਰ ਟਹਿਲ ਸੇਵਾ ਲਹਿਰ ਵੱਲੋਂ ‘ਗੁਰਾਂ ਦੀ ਜਾਗੋ’ ਯਾਤਰਾ ਕੱਢੀ ਜਾ ਰਹੀ ਹੈ। ਮੁੱਖ ਸੇਵਾਦਾਰ ਭਾਈ ਗੁਰਪ੍ਰਰੀਤ ਸਿੰਘ ਇਸ ਯਾਤਰਾ ਦੀ ਅਗਵਾਈ ਕਰ ਰਹੇ ਹਨ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਜਾਗਰੂਕ ਕਰਨਾ ਹੈ। ਨਸ਼ਿਆਂ ਲਈ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿਨ੍ਹਾਂ ਵੱਲੋਂ ਘਰ-ਘਰ ਪਹੁੰਚ ਚੁੱਕੀ ਇਸ ਨਾ ਮੁਰਾਦ ਬਿਮਾਰੀ ਨੂੰ ਰੋਕਣ ਲਈ ਗੰਭੀਰਤਾ ਨਾਲ ਕੋਈ ਉਚਿਤ ਕਦਮ ਨਹੀਂ ਚੁੱਕਿਆ ਗਿਆ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖ ਪੰਥ ਦੀ ਸਿਰਜਣਾ ਕੀਤੀ ਗਈ ਸੀ, ਵਿਖੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨੂੰ ਰੋਕਣ ‘ਚ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਬੁਰੀ ਤਰ੍ਹਾਂ ਅਸਫ਼ਲ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਤੇ ਸਰਪ੍ਰਸਤੀਆਂ ਹੇਠ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕਰਨ ਉੱਤੇ ਤੁਲੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਦਾ ਸਮੂਹ ਪੰਜਾਬੀਆਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਹੈ।
ਗੁਰਾਂ ਦੀ ਜਾਗੋ ਦਾ ਮਕਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਲੋਕਾਂ ਨੂੰ ਲਾਮਬੰਦ ਕਰਨਾ ਹੈ। ਗੁਰਾਂ ਦੀ ਜਾਗੋ 1 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ ਜੋ 15 ਸਤੰਬਰ ਨੂੰ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਪ੍ਰਬੰਧਕਾਂ ਨੇ ਲੋਕਾਂ ਨੂੰ ਗੁਰੂ ਘਰਾਂ ਨੂੰ ਸੁੰਨਾ ਨਾ ਛੱਡਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਖਿਲਾਫ਼ ਵੀ ਪ੍ਰਚਾਰ ਕੀਤਾ। ਨਸ਼ਾ ਵੇਚਣ ਵਾਲਿਆਂ ਨੂੰ ਪਿੰਡਾਂ ਵਿੱਚ ਲਾਹਨਤਾਂ ਪਾਇਆ ਕਰੋ। ਜੋ ਲੋਕਾਂ ਦੇ ਬੰਦੇ ਮਾਰੇ, ਉਹ ਚੰਗਾ ਕਿਵੇਂ ਹੋ ਸਕਦਾ ਹੈ।
‘ਗੁਰਾਂ ਦੀ ਜਾਗੋ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਇਹ ਯਾਤਰਾ ਸਤਿਗੁਰਾਂ ਦੀ ਛਤਰ-ਛਾਇਆ ਹੇਠ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪੰਜਾਬੀਆਂ ਨੂੰ ਜਾਗਰੂਕ ਕਰੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਮੁੱਠ ਹੋ ਕੇ ਨਸ਼ਿਆਂ ਖਿਲਾਫ਼ ਡਟਣ ਲਈ ਲਾਮਬੰਦ ਕਰੇਗੀ।
ਪੰਜਾਬ ਅਤੇ ਨੇੜਲੇ ਸੂਬਿਆਂ ’ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਇਕ ਸਤੰਬਰ 2021 ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ’ਤੋਂ ਆਰੰਭ ਹੋਈ ‘ਅੱਠੇ ਪਹਿਰ ਟਹਿਲ ਸੇਵਾ ਲਹਿਰ’ ਵੱਲੋਂ ਆਪਣੀ ਦੂਜੀ ਵਰ੍ਹੇਗੰਢ ਮੌਕੇ, ਆਪਣੀਆਂ ਸੇਵਾਵਾਂ ਦਾ ਦਾਇਰਾ ਹੋਰ ਵੱਡਾ ਕੀਤਾ ਗਿਆ ਹੈ। ਬੇਅਦਬੀਆਂ ਨੂੰ ਠੱਲ੍ਹਣ ਦੇ ਨਾਲ ਹੀ ਹੁਣ ਨਸ਼ਿਆਂ ਦੇ ਵਹਿਣ ਨੂੰ ਵੀ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਡੱਕਾ ਲਾਇਆ ਜਾਏਗਾ।