ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਗੁਰਿੰਦਰ ਸਿੰਘ ਨਾਮ ਦੇ ਇੱਕ ਠੱਗ ਵੱਲੋਂ ਸ਼ਰਧਾਲੂਆਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਗਾਈਡ ਦਾ ਰੂਪ ਧਾਰ ਕੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਇਤਿਹਾਸ ਦੱਸਣ ਦੇ ਬਹਾਨੇ ਮੋਟੀ ਰਕਮ ਵਸੂਲਦਾ ਸੀ।
ਉਸ ਦੇ ਖਾਤਿਆਂ ਵਿੱਚ ਸ਼ਰਧਾਲੂਆਂ ਤੋਂ ਟਰਾਂਸਫਰ ਕੀਤੇ ਲੱਖਾਂ ਰੁਪਏ ਦਾ ਰਿਕਾਰਡ ਮਿਲਿਆ ਹੈ। ਬੀਤੇ ਦਿਨ ਬੇਰ ਸਾਹਿਬ ਨੇੜੇ ਇੱਕ ਸ਼ਰਧਾਲੂ ਨਾਲ ਝਗੜੇ ਦੌਰਾਨ ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਨੇ ਗੁਰਿੰਦਰ ਸਿੰਘ ਦੀ ਠੱਗੀ ਨੂੰ ਪਕੜ ਲਿਆ, ਜਿਸ ਨਾਲ ਉਸ ਦਾ ਅਸਲੀ ਚਿਹਰਾ ਬੇਨਕਾਬ ਹੋਇਆ।
ਇਸ ਘਟਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਪ੍ਰਕਰਮਾ ਵਿੱਚ 200 ਦੇ ਕਰੀਬ ਸੇਵਾਦਾਰ ਅਤੇ ਛੇ ਸੁਰੱਖਿਆ ਮੁਲਾਜ਼ਮ ਹਰ ਸਮੇਂ ਮੌਜੂਦ ਰਹਿੰਦੇ ਹਨ। ਇੰਨੀ ਸੁਰੱਖਿਆ ਦੇ ਬਾਵਜੂਦ ਗੁਰਿੰਦਰ ਸਿੰਘ ਦੀ ਠੱਗੀ ਨੂੰ ਰੋਕਣ ਵਿੱਚ ਅਸਫਲਤਾ ਸਾਹਮਣੇ ਆਈ। ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਗੁਰਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।