Punjab Religion Video

ਬਿਨਾਂ ਹਥਿਆਰਾਂ ਦੇ ਪਹਿਰੇਦਾਰ ਲਗਾ ਕੇ ਕਿਲੇ ਦਾ ਕੋਈ ਫ਼ਾਇਦਾ ਨਹੀਂ ਹੋਣਾ, ਸਿੱਖਾਂ ਲਈ ਖ਼ਾਸ

‘ਖ਼ਾਲਸ ਟੀਵੀ ਬਿਊਰੋ : ਸਿੱਖ ਕੌਮ ਅੱਜ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਭੁੱਲ ਕੇ ਦੁਬਿਧਾ, ਨਿਰਾਸ਼ਾ ਅਤੇ ਨਾਮੋਸ਼ੀ ਦੇ ਵਾਤਾਵਰਣ ਵਿੱਚੋਂ ਗੁਜ਼ਰ ਰਹੀ ਹੈ। ਹਾਲਾਂਕਿ ਹਰ ਗੁਰਸਿੱਖ ਦਾ ਗੁਰੂ ਤੇ ਵਿਸ਼ਵਾਸ ਅਟੱਲ ਹੈ ਅਤੇ ਹਮੇਸ਼ਾ ਰਹੇਗਾ, ਪਰ ਸਿੱਖ ਸੰਸਥਾਵਾਂ ਵਿੱਚ ਆਏ ਨਿਗਾਰ ਅਤੇ ਭਟਕਾਅ ਨੇ ਸਿੱਖਾਂ ਦੇ ਮਨਾਂ ਵਿੱਚ ਡੂੰਘੀ ਸੱਟ ਮਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਜੋ ਕੁਰਬਾਨੀਆਂ ਭਰੇ ਇਤਿਹਾਸ ਤੋਂ ਬਾਅਦ ਗੁਰੂ ਦੇ ਸਿਧਾਂਤਾਂ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਿਰਜੀ ਗਈ ਸੀ, ਅੱਜ ਉਸੇ ਮਕਸਦ ਤੋਂ ਭਟਕ ਗਈ ਹੈ। ਮੀਰੀ-ਪੀਰੀ ਦੇ ਸਿਧਾਂਤ ਨੂੰ ਛੱਡ ਕੇ ਧਰਮ ਤੇ ਸਿਆਸਤ ਇਸ ਕਦਰ ਹਾਵੀ ਹੋ ਗਈ ਕਿ ਕਮੇਟੀ ਦੇ ਹਰ ਫੈਸਲੇ ਤੇ ਸਵਾਲ ਉੱਠ ਰਹੇ ਹਨ। ਭ੍ਰਿਸ਼ਟਾਚਾਰ ਨੇ ਹਰ ਹੱਦ ਪਾਰ ਕਰ ਦਿੱਤੀ, ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚਣ ਦੇ ਇਲਜ਼ਾਮ ਲੱਗੇ, ਗੁਰੂ ਸਾਹਿਬਾਨ ਦੇ ਪਾਵਨ ਸਰੂਪ ਗਾਇਬ ਕਰ ਦਿੱਤੇ ਗਏ, ਗੁਰੂ ਦੀ ਬੇਅਦਬੀ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਗਈ ਅਤੇ ਲੰਗਰ ਦੇ ਜੂਠ ਵਿੱਚ ਕਰੋੜਾਂ ਦਾ ਘੁਟਾਲਾ ਵੀ ਸਾਹਮਣੇ ਆਇਆ।

SGPC ਤੇ ਸਾਬਕਾ ਜਥੇਦਾਰ ਹੋਏ ਆਹਮੋ ਸਾਹਮਣੇ

ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਸ੍ਰੀ ਅਕਾਲ ਤਖ਼ਤ ਨੂੰ ਸਭ ਤੋਂ ਜ਼ਿਆਦਾ ਮਾਣ ਤੇ ਤਾਕਤ ਬਖਸੀ ਸੀ। ਜਿਸ ਤਖ਼ਤ ਦੇ ਜਥੇਦਾਰ ਰਹੇ ਅਕਾਲੀ ਫੂਲਾ ਸਿੰਘ ਦੇ ਫੈਸਲਿਆਂ ਦੇ ਉਦਾਹਰਣਾਂ ਨਾਲ ਹਰ ਇੱਕ ਸਿੱਖ ਦਾ ਸਿਰ ਮਾਣ ਨਾਲ ਹਮੇਸ਼ਾ ਉੱਚਾ  ਹੋ ਜਾਂਦਾ ਸੀ ਉਸ ਤਖਤ ਨੂੰ ਪੂਰੀ ਤਰ੍ਹਾਂ ਸਿਆਸੀ ਰੰਗ ਵਿੱਚ ਰੰਗ ਦਿੱਤਾ ਗਿਆ, ਜਥੇਦਾਰਾਂ ਦੀ ਨਿਯੁਕਤੀ ਅਤੇ ਅਹੁਦਿਆਂ ਤੋਂ ਲਾਉਣ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ। ਜਿੰਨਾਂ ਸਿੰਘ ਸਾਹਿਬਾਨ ਤੋਂ ਸਿੱਖ ਪੰਥ ਨੂੰ ਗੁਰੂ ਦੀ ਰੋਸ਼ਨੀ ਵਿੱਚ ਫੈਸਲੇ ਲੈਣ ਦੀ ਸਭ ਤੋਂ ਜ਼ਿਆਦਾ ਆਸ ਸੀ, ਉਹ ਤਖਤ ਸਾਹਿਬਾਨਾਂ ‘ਤੇ ਬੈਠ ਕੇ ਚੁੱਪ ਰਹੇ ਅਤੇ ਅਹੁਦੇ ਤੋਂ ਉਤਰਨ ਤੋਂ ਬਾਅਦ ਉਸ ਸਿਸਟਮ ਖਿਲਾਫ ਇਲਜ਼ਾਮਾਂ ਦੀ ਝੜੀ ਲਾ ਦਿੱਤਾ। ਜਵਾਬ ਵਿੱਚ SGPC ਹੁਣ ਸਾਬਕਾ ਜਥੇਦਾਰਾਂ ਨੂੰ ਅਲਟੀਮੇਟਮ ਦੇਣ ਲੱਗ ਪਈ। ਇੱਕ ਦੂਜੇ ਨੂੰ ਚੁਣੌਤੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਘੁਟਾਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਜਿਸ ਦਾ ਮੁੱਖ ਕੰਮ ਗੁਰੂ ਘਰਾਂ ਦੀ ਸੰਭਾਲ ਅਤੇ ਪ੍ਰਬੰਧ ਕਰਨਾ ਹੈ, ਅੱਜ ਭ੍ਰਿਸ਼ਟਾਚਾਰ, ਸਿਆਸੀ ਦਖਲ ਅਤੇ ਗੈਰ-ਸਿਧਾਂਤਕ ਫੈਸਲਿਆਂ ਨਾਲ ਘਿਰੀ ਹੋਈ ਹੈ। ਇਸ ਨੇ ਸਿੱਖ ਪੰਥ ਵਿੱਚ ਨਾਮੋਸ਼ੀ ਅਤੇ ਨਿਰਾਸ਼ਾ ਪੈਦਾ ਕੀਤੀ ਹੈ। ਮੁੱਖ ਵਿਵਾਦਾਂ ਵਿੱਚੋਂ ਇੱਕ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਘੁਟਾਲਾ ਹੈ। ਇੱਥੇ ਮੈਨੇਜਰ ਵੱਲੋਂ ਜ਼ਮੀਨ ਧੋਖੇ ਨਾਲ ਵੇਚੀ ਗਈ ਅਤੇ SGPC ਦੇ ਚੀਫ ਸਕੱਤਰ ਪ੍ਰਤਾਪ ਸਿੰਘ ਦੇ ਨਾਂਅ ਸਾਹਮਣੇ ਆਏ। ਐਕਸ਼ਨ ਲੈਣ ਦੀ ਬਜਾਏ ਸਿਰਫ਼ ਤਬਾਦਲਾ ਕਰ ਦਿੱਤਾ ਗਿਆ, ਜਿਸ ਨੂੰ ਖਾਨਾਪੂਰਤੀ ਦੱਸਿਆ ਜਾਂਦਾ ਹੈ। ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਇਸ ਤੇ ਗੰਭੀਰ ਇਲਜ਼ਾਮ ਲਗਾਏ ਅਤੇ ਕਾਰਵਾਈ ਨੂੰ ਬਚਾਅ ਵਾਲੀ ਕਿਹਾ।

328 ਪਾਵਨ ਸਰੂਪਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ) ਦੇ ਲਾਪਤਾ ਹੋਣ ਦਾ ਮਾਮਲਾ

ਇਸੇ ਤਰ੍ਹਾਂ 328 ਪਾਵਨ ਸਰੂਪਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ) ਦੇ ਲਾਪਤਾ ਹੋਣ ਦਾ ਮਾਮਲਾ ਸਭ ਤੋਂ ਵੱਡਾ ਉਦਾਹਰਣ ਹੈ। ਡਾ. ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵਿੱਚ SGPC ਦੇ ਸਾਬਕਾ CA ਸਤਿੰਦਰ ਸਿੰਘ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ 7 ਕਰੋੜ ਫੀਸ ਵਸੂਲਣ ਦੀ ਸਿਫਾਰਸ਼ ਕੀਤੀ ਗਈ, ਪਰ ਰਿਪੋਰਟ ਨੂੰ ਦਬਾ ਦਿੱਤਾ ਗਿਆ ਕਿਉਂਕਿ ਕੋਹਲੀ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਏ ਸਨ (ਉਹ PTC ਚੈਨਲ ਦੇ ਓਵਰਸੀਜ਼ ਹਿੱਸੇਦਾਰ ਅਤੇ CA ਸਨ)। 7 ਸਾਲ ਤੱਕ ਨਾਂਅ ਨਹੀਂ ਆਉਣ ਦਿੱਤਾ ਗਿਆ। ਹੁਣ ਪੁਲਿਸ ਜਾਂਚ ਜਾਰੀ ਹੈ ਅਤੇ ਕੋਹਲੀ ਗ੍ਰਿਫ਼ਤਾਰ ਵੀ ਹੋ ਚੁੱਕਾ ਹੈ। ਸੁਖਬੀਰ ਬਾਦਲ ਨੇ ਇਸ ਮਾਮਲੇ ਤੇ SGPC ਨੂੰ ਸਵਾਲ ਨਹੀਂ ਕੀਤਾ, ਪਰ ਆਪਣੇ CA ਲਈ DGP ਦਫ਼ਤਰ ਪਹੁੰਚ ਕੇ ਦਬਾਅ ਬਣਾਇਆ।

ਸਿਆਸੀ ਫਾਇਦੇ ਲਈ ਵਰਤੇ ਤਖ਼ਤ ਸਾਹਿਬ

ਸਿੱਖ ਪੰਥ ਵਿੱਚ ਨਾਮੋਸ਼ੀ ਦੀ ਵੱਡੀ ਵਜ੍ਹਾ ਤਖ਼ਤਾਂ (ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਸਿਆਸੀ ਫਾਇਦੇ ਲਈ ਵਰਤਣਾ ਅਤੇ ਕਮਜ਼ੋਰ ਕਰਨਾ ਰਿਹਾ ਹੈ। SGPC ਅਤੇ ਤਖ਼ਤਾਂ ਵਿਚਕਾਰ ਤਾਕਤਾਂ ਦੀ ਵੰਡ ਨਹੀਂ ਹੈ, ਜਿਵੇਂ ਦੇਸ਼ ਦੀ ਪਾਰਲੀਮੈਂਟ ਅਤੇ ਸੁਪਰੀਮ ਕੋਰਟ ਵਿੱਚ ਹੈ। ਜਥੇਦਾਰਾਂ ਦੀ ਨਿਯੁਕਤੀ SGPC ਵੱਲੋਂ ਹੀ ਹੁੰਦੀ ਹੈ, ਜਿਸ ਨਾਲ ਉਹ ਗੈਰ-ਸਿਧਾਂਤਕ ਫੈਸਲਿਆਂ ਤੇ ਸਵਾਲ ਨਹੀਂ ਚੁੱਕ ਸਕਦੇ। ਜੇ ਸਵਾਲ ਚੁੱਕਦੇ ਹਨ ਤਾਂ ਅਹੁਦੇ ਤੋਂ ਹਟਾ ਦਿੱਤੇ ਜਾਂਦੇ ਹਨ।

ਉਦਾਹਰਣ ਵਜੋਂ:

  1. ਬਰਗਾੜੀ ਬੇਅਦਬੀ ਮਾਮਲੇ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਤਾਂ ਅਹੁਦੇ ਤੋਂ ਹਟਾ ਦਿੱਤੇ ਗਏ।
  2. ਗਿਆਨੀ ਗੁਰਮੁੱਖ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਡੇਰਾ ਸਾਧ ਨੂੰ ਮੁਆਫੀ ਦਿਵਾਉਣ ਦਾ ਖੁਲਾਸਾ ਕੀਤਾ ਤਾਂ ਟ੍ਰਾਂਸਫਰ ਕਰ ਦਿੱਤਾ ਗਿਆ।
  3. ਪੰਜ ਪਿਆਰਿਆਂ ਨੇ ਸੌਦਾ ਸਾਧ ਦੀ ਮੁਆਫੀ ਵਿਰੋਧ ਕੀਤਾ ਤਾਂ ਨੌਕਰੀਆਂ ਤੋਂ ਕੱਢ ਦਿੱਤੇ ਗਏ।
  4. 2 ਦਸੰਬਰ 2024 ਨੂੰ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਬਾਦਲ ਤੇ ਫੈਸਲਾ ਸੁਣਾਇਆ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।

SGPC ਨੇ ਜਥੇਦਾਰਾਂ ਦੀ ਨਿਯੁਕਤੀ ਲਈ ਅਪ੍ਰੈਲ ਵਿੱਚ ਕਮੇਟੀ ਬਣਾਈ ਸੀ, ਪਰ ਹੁਣ ਤੱਕ ਕੋਈ ਗਾਈਡਲਾਈਨ ਨਹੀਂ ਬਣੀ, ਸਮਾਂ ਟਪਾਉਣ ਵਾਲੀ ਕੋਸ਼ਿਸ਼ ਲੱਗ ਰਹੀ ਹੈ। ਪਹਿਲਾਂ ਵੀ ਕਈ ਕਮੇਟੀਆਂ ਬਣੀਆਂ, ਰਿਪੋਰਟਾਂ ਆਈਆਂ ਪਰ ਲਾਗੂ ਨਹੀਂ ਹੋਈਆਂ।

ਸਾਬਕਾ ਚੀਫ ਸਕੱਤਰ ਹਰਚਰਨ ਸਿੰਘ ਨੇ ਆਪਣੀ ਕਿਤਾਬ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ’ ਵਿੱਚ ਵੱਡੇ ਖੁਲਾਸੇ ਕੀਤੇ। ਸਿਆਸੀ ਦਖਲ, ਭ੍ਰਿਸ਼ਟਾਚਾਰ, ਨਿਯੁਕਤੀਆਂ ਵਿੱਚ ਵਿਧਾਇਕਾਂ ਦੇ ਫੋਨ ਆਉਣੇ, ਠੇਕਿਆਂ ਵਿੱਚ ਗੜਬੜੀ ਆਦਿ। ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਆਪ ਭਾਰਤੀ ਐਕਸਪ੍ਰੈੱਸ ਦੀ ਨੌਕਰੀ ਛੱਡਵਾ ਕੇ ਲਿਆਂਦਾ ਸੀ, ਪਰ ਵਿਰੋਧ ਕਰਨ ਤੇ 328 ਸਰੂਪ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਸਤੀਫਾ ਲੈ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਨਿਯੁਕਤੀਆਂ ਵਿੱਚ ਗੁਰਸਿੱਖੀ ਜਾਂ ਕਾਬਲੀਅਤ ਨਹੀਂ, ਸਿਰਫ਼ ਸਿਆਸੀ ਇਸ਼ਾਰੇ ਹੁੰਦੇ ਸਨ। ਸੌਦਾ ਸਾਧ ਮੁਆਫੀ ਮਾਮਲੇ ਵਿੱਚ ਅਵਤਾਰ ਸਿੰਘ ਮੱਕੜ ਨੂੰ ਚੰਡੀਗੜ੍ਹ ਬੁਲਾਇਆ ਗਿਆ ਅਤੇ ਇਸ਼ਤਿਹਾਰ ਕੱਢਣ ਦੇ ਆਦੇਸ਼ ਦਿੱਤੇ ਗਏ।

ਗੁਰਬਾਣੀ ਪ੍ਰਸਾਰਣ ਵਿਵਾਦ

ਗੁਰਬਾਣੀ ਪ੍ਰਸਾਰਣ ਵਿੱਚ ਵੀ ਵਿਵਾਦ ਹੈ। SGPC ਤੇ ਇਲਜ਼ਾਮ ਹੈ ਕਿ ਸਿਰਫ਼ PTC (ਸੁਖਬੀਰ ਨਾਲ ਜੁੜਿਆ) ਨੂੰ ਇਜਾਜ਼ਤ ਹੈ। 2022 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ SGPC ਨੂੰ ਆਪਣਾ ਚੈਨਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ, ਯੂਟਿਊਬ ਚੈਨਲ ਖੋਲ੍ਹਿਆ ਅਤੇ ਮੰਤਰਾਲੇ ਨੂੰ ਅਰਜ਼ੀ ਦਿੱਤੀ ਗਈ, ਪਰ 4 ਸਾਲ ਬਾਅਦ ਵੀ ਲਾਈਸੈਂਸ ਨਹੀਂ ਮਿਲਿਆ ਅਤੇ ਆਦੇਸ਼ ਲਾਗੂ ਨਹੀਂ ਹੋਇਆ।

ਸਿਰਫ਼ ਖਾਨਾਪੂਰਤੀ ਲਈ ਬਣਾਈਆਂ ਕਾਰਵਾਈਆਂ

ਸਾਲ 2023 ਵਿੱਚ ਲੰਗਰ ਦੇ ਜੂਠ ਵਿੱਚ 1 ਕਰੋੜ ਦੇ ਘੁਟਾਲੇ ਦਾ ਇਲਜ਼ਾਮ ਲੱਗੇ। ਸ਼੍ਰੋਮਣੀ ਕਮੇਟੀ ਨੇ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਫਿਰ ਥੋੜੇ ਦਿਨ ਬਾਅਦ 21 ਨੂੰ ਬਹਾਲ ਕਰ ਦਿੱਤਾ ਗਿਆ। ਇਹ ਉਦਾਹਰਣ ਹੈ ਕਿਵੇਂ ਕਮੇਟੀ ਨੇ ਹਰ ਘੁਟਾਲੇ ਨੂੰ ਹਲਕੇ ਵਿੱਚ ਲਿਆ। ਸਿਰਫ਼ ਖਾਨਾਪੂਰਤੀ ਦੇ ਲਈ ਕਮੇਟੀਆਂ ਬਣਾਈਆਂ ਅਤੇ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਮੁੜ ਤੋਂ ਬਹਾਰ ਕਰਦੇ ਰਹੇ। ਇਸੇ ਲਈ ਤਾਂ ਅੰਬ ਸਾਹਿਬ ਜ਼ਮੀਨ ਘੁਟਾਲੇ ਦਾ ਕੇਸ ਸਾਹਮਣੇ ਆਇਆ ਹੈ ਕਿਉਂਕਿ ਮੁਲਾਜ਼ਮਾਂ ਨੂੰ ਪਤਾ ਸੀ ਸਸਪੈਂਡ ਹੋਣ ਤੋਂ ਬਾਅਦ ਬਹਾਲ ਤਾਂ ਹੋ ਹੀ ਜਾਣਾ ਹੈ। ਇਸ ਘੁਟਾਲੇ ਵਿੱਚ ਨਾਂਅ ਆਉਣ ਤੋਂ ਬਾਅਦ ਚੀਫ ਸਕੱਤਰ ਪ੍ਰਤਾਪ ਸਿੰਘ ਦੀ ਜਾਂਚ ਕਰਵਾਉਣ ਦੀ ਥਾਂ ਉਨ੍ਹਾਂ ਦਾ ਸਿਰਫ਼ ਤਬਾਦਲਾ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਪੰਥਕ ਮਸਲੇ ਤੇ SGPC ਅਤੇ ਜਥੇਦਾਰਾਂ ਦਾ ਰੋਲ ਨਾਮੋਸ਼ੀ ਭਰਿਆ ਰਿਹਾ:

ਪੰਥਕ ਮਸਲਿਆਂ ‘ਤੇ ਵੀ ਐੱਸਜੀਪੀਸੀ ਅਤੇ ਜਥੇਦਾਰਾਂ ਦਾ ਰੋਲ ਸਿੱਖ ਪੰਥ ਵਿੱਚ ਨਾਮੋਸ਼ੀ ਭਰਿਆ ਰਿਹਾ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐੱਸਜੀਪੀਸੀ ਨੇ ਲੱਖਾਂ ਫਾਰਮ ਸਾਈਨ ਕਰਵਾਉਣ ਦਾ ਦਾਅਵਾ ਕੀਤਾ ਉਸ ਦਾ ਕੀ ਹੋਇਆ ? ਰਾਜਪਾਲ ਨੂੰ ਸੌਂਪ ਦਿੱਤੇ ਗਏ ਉਹ ਮਿੱਟੀ ਵਿੱਚ ਰੁਲ ਰਹੇ ਹੋਣਗੇ। ਬੰਦੀ ਸਿੰਘਾਂ ਦੇ ਲਈ ਦਿੱਲੀ ਵਿੱਚ ਮੋਰਚਾ ਲਗਾਉਣ ਦਾ ਐਲਾਨ ਕੀਤਾ ਅਗਲੇ ਦਿਨ ਫੈਸਲਾ ਪਲਟ ਦਿੱਤਾ ਗਿਆ।

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਮੇਟੀ ਬਣੀ। 2 ਮੀਟਿੰਗਾਂ ਹੋਈਆਂ ਅੱਗੇ ਕੀ ਰਣਨੀਤੀ ਬਣੀ ਕਿਸੇ ਨੂੰ ਨਹੀਂ ਪਤਾ। ਐੱਸਜੀਪੀਸੀ ਦੱਸੇ ਕੀ ਉਨ੍ਹਾਂ ਦੇ ਵੱਲੋਂ ਹੁਣ ਤੱਕ ਦਿੱਲੀ ਜਾ ਕੇ  ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਉਂ ਨਹੀਂ ਮੋਰਚਾ ਲਗਾਇਆ ਗਿਆ ਜਦਕਿ ਸਿੱਖ ਪੰਥ ਨੇ ਮੋਰਚਿਆਂ ਨਾਲ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਅੰਗਰੇਜ਼ਾ ਨੂੰ ਝੁਕਨ ਦੇ ਲ਼ਈ ਮਜ਼ਬੂਰ ਕਰ ਦਿੱਤਾ ਸੀ।

ਅਕਾਲੀ ਦਲ ਦੱਸੇ ਕੀ ਉਨ੍ਹਾਂ ਨੇ ਕਿੰਨੀ ਵਾਰ ਪ੍ਰਧਾਨ ਮੰਤਰੀ ਕੋਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਸਮਾਂ ਮੰਗਿਆ ?

ਤਖਤ ਸਾਹਿਬ ਦੇ ਮੌਜੂਦਾ ਅਤੇ ਸਾਬਕਾ ਜਥੇਦਾਰ ਦੱਸਣ ਕੀ ਉਨ੍ਹਾਂ ਨੇ ਹੁਣ ਤੱਕ ਕਿਉਂ ਨਹੀਂ ਖੁਦ ਦਿੱਲੀ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਲ਼ਈ ਪੰਥ ਦੀ ਅਗਵਾਈ ਕੀਤੀ ?

ਕੇਂਦਰ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦਾ ਨਾਂਅ ਦਿੱਤਾ। ਐੱਸਜੀਪੀਸੀ ਅਤੇ ਜਥੇਦਾਰ ਸਾਹਿਬਾਨ ਸਿਰਫ਼ ਪੱਤਰਾਚਾਰੀ ਦੇ ਜ਼ਰੀਏ ਵਿਰੋਧ ਜਤਾਉਂਦੇ ਰਹੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਵਿੱਚ ਸ਼ਾਮਲ ਹੁੰਦੀ ਰਹੀ ਆਖਿਰ ਉਨ੍ਹਾਂ ਨੂੰ ਕਿਉਂ ਨਹੀਂ ਸਿੰਘ ਸਾਹਿਬਾਨਾਂ ਨੇ ਆਦੇਸ਼ ਜਾਰੀ ਕਰਕੇ ਰੋਕਿਆ ?

ਕਿਉਂ ਨਹੀਂ ਸਿੱਧਾ ਦਿੱਲੀ ਜਾ ਕੇ ਸਰਕਾਰ ਨਾਲ ਗੱਲ ਕੀਤੀ ?

ਹਰ ਵਾਰ ਜਦੋਂ ਸਿੱਖ ਭਾਈਚਾਰੇ ਅਤੇ ਇਤਿਹਾਸ ਨੂੰ ਲੈ ਕੇ ਕੋਈ ਵਿਵਾਦਿਤ ਫਿਲਮ ਆਉਂਦੀ ਹੈ ਸੈਂਸਰ ਬੋਰਡ ਵਿੱਚ ਸਿੱਖ ਮੈਂਬਰਾਂ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ। ਐੱਸਜੀਪੀਸੀ ਵੱਲੋਂ ਕਮੇਟੀਆਂ ਬਣਾਇਆ ਜਾਂਦੀਆਂ ਹਨ। ਸ਼ੋਰ ਸ਼ਰਾਬੇ ਦੇ ਬਾਅਦ ਫਿਲਮ ਰਿਲੀਜ਼ ਹੋ ਜਾਂਦੀ ਹੈ ਅਤੇ ਸਾਰੀਆਂ ਚੀਜ਼ਾ ਫਿਰ ਠੰਢੇ ਬਸਤੇ ਵਿੱਚ ਪੈ ਜਾਂਦੀਆਂ ਹਨ ।

ਬੇਅਦਬੀ ਨੂੰ ਲੈ ਕੇ ਅਕਾਲੀ ਦਲ। ਕਾਂਗਰਸ ਤੋਂ ਲੈ ਕੇ ਮੌਜੂਦਾ ਸਰਕਾਰ ਵੱਲੋਂ ਸਖਤ ਸਜ਼ਾ ਦਾ ਕਾਨੂੰਨ ਬਣਾਇਆ ਗਿਆ ਪਰ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ । ਕਿਉਂ ਨਹੀਂ ਜਾ ਕੇ ਦਿੱਲੀ ਦਰਬਾਰ ਵਿੱਚ ਸਵਾਲ ਕੀਤੇ ਗਏ  ਦਰਅਸਲ ਸਾਰਾ ਖੇਡ ਸਿਆਸਤ ਦਾ ਹੈ ਅਕਾਲੀ ਦਲ ਦਾ ਬੀਜੇਪੀ ਨੂੰ ਲੈ ਕੇ ਹਮੇਸ਼ਾ ਨਰਮ ਸਿਆਸੀ ਨਜ਼ਰੀਆ ਰਿਹਾ ਹੈ ਦੋਹਾਂ ਨੇ ਮਿਲ ਕੇ 3 ਵਾਰ ਸੱਤਾ ਦਾ ਸੁੱਖ ਭੋਗਿਆ ਹੈ ਅਤੇ 2027 ਵਿੱਚ ਵੀ ਅਜਿਹੇ ਹੀ ਸੰਕੇਤ ਮਿਲ ਰਹੇ ਹਨ

ਅੰਤ ਵਿੱਚ, ਸਿੱਖ ਸੰਗਤ ਨੂੰ ਗੁਰੂ ਬਾਣੀ ਦੇ ਸ਼ਬਦ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ” ਨੂੰ ਸਮਝਣਾ ਪਵੇਗਾ। SGPC, ਤਖ਼ਤਾਂ ਅਤੇ ਪੰਥ ਨੂੰ ਸਿਰ ਜੋੜ ਕੇ ਸਿਆਸਤ ਨੂੰ ਧਰਮ ਤੇ ਹਾਵੀ ਹੋਣ ਤੋਂ ਰੋਕਣਾ ਹੋਵੇਗਾ ਤਾਂ ਹੀ ਸੁਧਾਰ ਸੰਭਵ ਹੈ।