ਅਮਰੀਕਾ ਦੇ ਹਵਾਈ ਟਾਪੂ ‘ਚ ਮਾਉਈ ਕਾਊਂਟੀ ‘ਚ ਜੰਗਲ ਦੀ ਅੱਗ ‘ਚ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੱਗ ਦੀ ਲਪੇਟ ਵਿਚ ਇਤਿਹਾਸਕ ਸ਼ਹਿਰ ਲਹਾਇਨਾ ਬੁਰੀ ਤਰ੍ਹਾਂ ਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਤਬਾਹੀ ‘ਚ ਘੱਟੋ-ਘੱਟ 1,000 ਲੋਕ ਅਜੇ ਵੀ ਲਾਪਤਾ ਹਨ।
ਇਸ ਅੱਗ ਦੀ ਇੱਕ ਵੀਡੀਓ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਆਪਣੇ ਫੇਸਬੁੱਕ ਪੇਜ ‘ਤੇ ਜਾਰੀ ਕੀਤੀ ਹੈ। ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇਸ ਅੱਗ ਕਾਰਨ ਸ਼ਹਿਰ ਖੰਡਰ ਵਰਗਾ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਇਹ ਹਵਾਈ ਸੂਬੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਹੈ।
ਇਸ ਅੱਗ ਨੂੰ ‘ਅਸਾਧਾਰਨ’ ਦੱਸਦੇ ਹੋਏ ਇਸ ਨੂੰ ‘ਦੁਖਦਾਈ’ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਅੱਗ ਨਾਲ 1000 ਤੋਂ ਵੱਧ ਇਮਾਰਤਾਂ ਦੇ ਤਬਾਹ ਹੋਣ ਦਾ ਖਦਸ਼ਾ ਹੈ। ਇਸ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਤਬਾਹੀ ਦੱਸਦਿਆਂ ਉਨ੍ਹਾਂ ਕਿਹਾ ਹੈ ਕਿ ਇਸ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਵੀ ਅੱਗ ਦੀ ਤੀਬਰਤਾ ਨੂੰ ਦਰਸਾਉਂਦੀ ਇੱਕ ਫੋਟੋ ਜਾਰੀ ਕੀਤੀ ਹੈ।
ਰਾਸ਼ਟਰਪਤੀ ਜੋਅ ਬਾਈਡਨ ਨੇ ਹਵਾਈ ਦੇ ਜੰਗਲਾਂ ਵਿੱਚ ਲੱਗੀ ਇਸ ਅੱਗ ਨੂੰ ਵੱਡੀ ਤਬਾਹੀ ਕਰਾਰ ਦਿੱਤਾ ਹੈ। ਇਸ ਐਲਾਨ ਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਸੰਘੀ ਸਰਕਾਰ ਰਾਹਤ ਅਤੇ ਬਚਾਅ ਲਈ ਫੰਡ ਮੁਹੱਈਆ ਕਰਵਾਏਗੀ। ਹਜ਼ਾਰਾਂ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਸਥਾਈ ਪਨਾਹਗਾਹਾਂ ਵਿੱਚ ਲਿਜਾਇਆ ਗਿਆ ਹੈ।
ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਲਾਹਾਇਨਾ ਸ਼ਹਿਰ ਵਿਚ ਤਬਾਹੀ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਉਣ ਵਿਚ ਕਈ ਸਾਲ ਅਤੇ ਅਰਬਾਂ ਰੁਪਏ ਲੱਗਣਗੇ। ਗਵਰਨਰ ਦੇ ਅਨੁਸਾਰ, 1961 ਵਿਚ ਸਮੁੰਦਰੀ ਲਹਿਰਾਂ ਵਿਚ 61 ਲੋਕਾਂ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਭੈੜਾ ਨੁਕਸਾਨ ਹੈ।
ਯੂਐਸ ਕੋਸਟ ਗਾਰਡ ਦੇ ਕਮਾਂਡਰ ਅਜਾ ਕਿਰਕਸਕੇ ਨੇ ਸੀਐਨਐਨ ਨੂੰ ਦਸਿਆ ਕਿ 100 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਸਮੁੰਦਰ ਵਿੱਚ ਛਾਲ ਮਾਰਨ ਦਾ ਖਦਸ਼ਾ ਹੈ। ਕਿਰਕਸਕੇ ਨੇ ਕਿਹਾ- ਅੱਗ ਤੋਂ ਉੱਠ ਰਹੇ ਧੂੰਏਂ ਕਾਰਨ ਹੈਲੀਕਾਪਟਰ ਦੇ ਪਾਇਲਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਕੋਸਟ ਗਾਰਡ ਦੇ ਜਹਾਜ਼ ਨੇ 50 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।