ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਚਾਰ ਭਾਰਤੀਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿਚ 9 ਲੋਕ ਜ਼ਖਮੀ ਵੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਕੇਰਲ ਦਾ ਹੈ।
ਅੱਗ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਫਿਰ ਇਹ ਹੋਰ ਹਿੱਸਿਆਂ ਵਿੱਚ ਵੀ ਫੈਲ ਗਈ । ਦੁਬਈ ਸਿਵਲ ਡਿਫੈਂਸ ਦੇ ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਮਾਰਤ ਵਿੱਚ ਅੱਗ ਤੋਂ ਸੁਰੱਖਿਆ ਲਈ ਢੁਕਵੀਂ ਸੁਰੱਖਿਆ ਨਹੀਂ ਸੀ। ਅੱਗ ਨਾਲ ਇਮਾਰਤ ਨੂੰ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਗ ਦੀ ਸੂਚਨਾ ਮਿਲਦੇ ਹੀ ਦੁਬਈ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਆਸਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੋਰਟ ਸੈਦ ਫਾਇਰ ਸਟੇਸ਼ਨ ਅਤੇ ਹਮਾਰੀਆ ਫਾਇਰ ਸਟੇਸ਼ਨ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਕਰੀਬ 2.30 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ, ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਰਨ ਵਾਲੇ 16 ਲੋਕਾਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਹਨ। ਜਿਸ ਵਿੱਚ ਇਕ ਜੋੜਾ ਕੇਰਲ ਦਾ ਅਤੇ ਦੋ ਹੋਰ ਤਾਮਿਲਨਾਡੂ ਦੇ ਹਨ। ਇਸ ਹਾਦਸੇ ਵਿੱਚ ਪਾਕਿਸਤਾਨ ਦੇ ਤਿੰਨ ਚਚੇਰੇ ਭਰਾਵਾਂ ਅਤੇ ਇੱਕ ਨਾਈਜੀਰੀਅਨ ਔਰਤ ਦੀ ਵੀ ਮੌਤ ਹੋ ਗਈ। ਦੁਬਈ ਪੁਲਿਸ ਮੁਰਦਾਘਰ ਵਿੱਚ ਮੌਜੂਦ ਇੱਕ ਭਾਰਤੀ ਸਮਾਜ ਸੇਵਕ ਨਸੀਰ ਵਤਨਪੱਲੀ ਨੇ ਦੱਸਿਆ ਕਿ ਪੀੜਤਾਂ ਵਿੱਚ ਕੇਰਲ ਦੇ ਇੱਕ ਜੋੜੇ ਸਮੇਤ ਚਾਰ ਭਾਰਤੀਆਂ ਦੀ ਪਛਾਣ ਕੀਤੀ ਗਈ ਹੈ।
ਵਤਨਪੱਲੀ ਨੇ ਕਿਹਾ, “ਹੁਣ ਤੱਕ ਅਸੀਂ 4 ਭਾਰਤੀਆਂ ਦੀ ਪਛਾਣ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚ ਕੇਰਲ ਦੇ ਇੱਕ ਜੋੜੇ ਅਤੇ ਤਾਮਿਲਨਾਡੂ ਦੇ ਦੋ ਪੁਰਸ਼ ਸ਼ਾਮਲ ਹਨ, ਜੋ ਇਮਾਰਤ ਵਿੱਚ ਕੰਮ ਕਰਦੇ ਸਨ। ਇਸ ਦੇ ਨਾਲ ਹੀ 3 ਪਾਕਿਸਤਾਨੀ ਚਚੇਰੇ ਭਰਾ ਅਤੇ ਇੱਕ ਨਾਈਜੀਰੀਅਨ ਔਰਤ ਵੀ ਸ਼ਾਮਲ ਹੈ।