ਮੁੰਬਈ ਦੇ ਗੋਰੇਗਾਂਵ ਵਿੱਚ ਸ਼ੁੱਕਰਵਾਰ ਤੜਕੇ ਇੱਕ 6 ਮੰਜ਼ਿਲਾਂ ਇਮਾਰਤ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਕਾਰਨ 46 ਲੋਕ ਝੁਲਸ ਗਏ। ਇਮਾਰਤ ਵਿੱਚ ਫਸੇ 30 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਅੱਗ ਲੱਗਣ ਕਾਰਨ ਇਮਾਰਤ ਦੀ ਪਾਰਕਿੰਗ ਵਿੱਚ ਰੱਖੇ ਕਈ ਵਾਹਨ ਸੜ ਗਏ। ਇਨ੍ਹਾਂ ਵਿੱਚ 4 ਕਾਰਾਂ ਅਤੇ ਕਰੀਬ 30 ਬਾਈਕ ਸ਼ਾਮਲ ਹਨ। ਅੱਗ ਕਿਸ ਕਾਰਨ ਲੱਗੀ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐਮਸੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੋਰੇਗਾਂਵ ਪੱਛਮੀ ਦੇ ਆਜ਼ਾਦ ਨਗਰ ਖੇਤਰ ਵਿੱਚ ਜੈ ਭਵਾਨੀ ਬਿਲਡਿੰਗ ਵਿੱਚ ਸਵੇਰੇ ਕਰੀਬ 3 ਵਜੇ ਅੱਗ ਲੱਗ ਗਈ।
ਅੱਗ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਜੋਗੇਸ਼ਵਰੀ ਦੇ ਟਰਾਮਾ ਸੈਂਟਰ ਅਤੇ ਜੁਹੂ ਦੇ ਕੂਪਰ ਹਸਪਤਾਲ ‘ਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਦੋ ਨਾਬਾਲਗ ਅਤੇ ਦੋ ਔਰਤਾਂ ਸਮੇਤ ਛੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਵਿੱਚ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ। ਅਧਿਕਾਰੀ ਨੇ ਦੱਸਿਆ ਕਿ ਅੱਠ ਤੋਂ ਵੱਧ ਫਾਇਰ ਟੈਂਡਰਾਂ ਨੇ ਅੱਗ ‘ਤੇ ਕਾਬੂ ਪਾਇਆ।
ਸਥਾਨਕ ਲੋਕਾਂ ਅਨੁਸਾਰ ਇਮਾਰਤ ਦੀ ਪਾਰਕਿੰਗ ਵਿੱਚ ਕਾਫ਼ੀ ਪੁਰਾਣਾ ਕੱਪੜਾ ਰੱਖਿਆ ਹੋਇਆ ਸੀ, ਜਿਸ ਕਾਰਨ ਸ਼ਾਇਦ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਪੂਰੀ ਪਾਰਕਿੰਗ ਅਤੇ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੱਕ ਫੈਲ ਗਈ।