‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਰਨਾਲ ਵਿੱਚ ਪੁਲਿਸ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ‘ਤੇ ਪੁਲਿਸ ਨੇ ਕਿਵੇਂ ਹਮਲਾ ਕੀਤਾ। ਇੱਕ ਕਿਸਾਨ ਨੇ ਕਿਹਾ ਕਿ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬੈਠੇ ਹੋਏ ਸੀ ਅਤੇ ਪੁਲਿਸ ਵਾਲਿਆਂ ਨੇ ਇਕਦਮ ਹੱਲਾ ਬੋਲ ਦਿੱਤਾ, ਸਾਨੂੰ ਬਹੁਤ ਲਾਠੀਆਂ ਮਾਰੀਆਂ। ਪੁਲਿਸ ਦੀਆਂ ਲਾਠਾਂ ਖਾਂਦਿਆਂ-ਖਾਂਦਿਆਂ ਮੈਂ ਖੇਤ ਵਿੱਚ ਪਹੁੰਚ ਗਿਆ। ਖੇਤ ਵਿੱਚ ਜਾਣ ਤੋਂ ਬਾਅਦ ਵੀ 20-30 ਪੁਲਿਸ ਵਾਲੇ ਮੇਰੇ ਪਿੱਛੇ ਲੱਗ ਗਏ ਅਤੇ ਮੇਰੇ ਲਾਠਾਂ ਮਾਰਦੇ ਰਹੇ। ਇੱਕ ਹੋਰ ਕਿਸਾਨ ਨੇ ਕਿਹਾ ਕਿ ਮੇਰੇ ਹੱਥ ‘ਤੇ 9 ਟਾਂਕੇ ਲੱਗੇ ਹਨ। ਮੇਰਾ ਹੱਥ ਪੁਲਿਸ ਦੇ ਲਾਠੀਚਾਰਜ ਕਰਕੇ ਮੇਰਾ ਹੱਠ ਕੱਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ। ਸਾਡੇ ਨਾਲ ਜਾਨਵਰਾਂ ਵਾਂਗੂੰ ਸਲੂਕ ਕੀਤਾ ਗਿਆ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੈਡੀਕਲ ਵੀ ਨਹੀਂ ਹੋਇਆ ਅਤੇ ਡਾਕਟਰ ਛੁੱਟੀ ਕਰ ਗਏ ਹਨ। ਸਾਡੇ ਐਕਸ-ਰੇ ਵੀ ਨਹੀਂ ਹੋਈ ਅਤੇ ਰਿਪੋਰਟ ਵੀ ਨਹੀਂ ਆਈ। ਕੱਲ੍ਹ ਸਰਕਾਰੀ ਹਸਪਤਾਲ ਵਿੱਚ ਵੀ ਸਰਕਾਰ ਦੀ ਸ਼ਹਿ ‘ਤੇ ਧੱਕੇਸ਼ਾਹੀ ਹੋਈ ਹੈ ਅਤੇ ਜਿਨ੍ਹਾਂ ਕਿਸਾਨਾਂ ਨੂੰ ਐਡਮਿਟ ਕਰਨ ਦੀ ਲੋੜ ਸੀ, ਉਨ੍ਹਾਂ ਨੀ ਵੀ ਧੱਕੇ ਦੇ ਨਾਲ ਡਿਸਚਾਰਜ ਕੀਤਾ ਗਿਆ।
ਹੈਰਾਨੀ ਦੀ ਗੱਲ ਹੈ ਕਿ ਜਿਸ ਐੱਸਡੀਐੱਮ ਨੇ ਕਿਸਾਨਾਂ ਦੇ ਸਿਰ ਪਾੜਨ ਦੇ ਖ਼ੁਦ ਹੁਕਮ ਦਿੱਤੇ, ਜਿਸਦੀ ਵੀਡੀਓ ਵੀ ਵਾਇਰਲ ਹੋਈ ਹੈ, ਉਹ ਆਪਣੇ ਬਿਆਨ ਤੋਂ ਹੀ ਪਲਟ ਗਏ। ਐੱਸਡੀਐੱਮ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਪੱਥਰਬਾਜ਼ੀ ਕੀਤੀ ਸੀ ਅਤੇ ਉਸ ਸਮੇਂ ਪੁਲਿਸ ਨੂੰ ਸਿਰਫ਼ ਬਚਾਅ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ। ਪਰ ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖ ਰਿਹਾ ਸੀ ਕਿ ਐੱਸਡੀਐੱਮ ਵੱਲੋਂ ਪੁਲਿਸ ਦੇ ਜਵਾਨਾਂ ਨੂੰ ਸਾਫ਼-ਸਾਫ਼ ਕਿਹਾ ਜਾ ਰਿਹਾ ਸੀ ਕਿ ਉਹ ਕਿਸਾਨਾਂ ‘ਤੇ ਸਖ਼ਤ ਐਕਸ਼ਨ ਲੈਣ, ਉਨ੍ਹਾਂ ਦੇ ਸਿਰ ‘ਤੇ ਵਾਰ ਕਰਨ, ਜੋ ਵੀ ਕਿਸਾਨ ਅੱਗੇ ਆਏ, ਉਸਦਾ ਸਿਰ ਪਾਟਿਆਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਕਿਸਾਨਾਂ ‘ਤੇ ਕੋਈ ਵੀ ਐਕਸ਼ਨ ਲੈਣ ਲਈ ਉਨ੍ਹਾਂ ਨੂੰ ਖੁੱਲ੍ਹ ਹੈ, ਬਸ ਕਿਸਾਨ ਅੱਗੇ ਨਹੀਂ ਆਉਣੇ ਚਾਹੀਦੇ। ਹਾਲਾਂਕਿ, ਉਸ ਸਮੇਂ ਹਾਲਾਤ ਇੱਦਾਂ ਦੇ ਨਹੀਂ ਸਨ ਕਿ ਐੱਸਡੀਐੱਮ ਨੂੰ ਅਜਿਹੇ ਹੁਕਮ ਦੇਣ ਦੀ ਨੌਬਤ ਆ ਜਾਵੇ। ਇਸ ਵਤੀਰੇ ਤੋਂ ਤਾਂ ਇਹੀ ਲੱਗਦਾ ਹੈ ਕਿ ਕਿਸਾਨਾਂ ਤੋਂ ਕਿਸੇ ਗੱਲ ਦਾ ਬਦਲਾ ਲਿਆ ਜਾ ਰਿਹਾ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਕਿਸਾਨਾਂ ਦੀ ਵਿਰੋਧੀ ਪੁਲਿਸ ਹੈ ਜਾਂ ਹਰਿਆਣਾ ਪ੍ਰਸ਼ਾਸਨ ਹੈ ਜਾਂ ਦੋਵੇਂ ਹੀ ਹਨ।
ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਰਹੀ ਕਿ ਜਦੋਂ ਹਰਿਆਣਾ ਦੇ ਏਡੀਜੀਪੀ ਨਵਦੀਪ ਸਿੰਘ ਵਿਰਕ ਨੇ ਵੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਦੋਸ਼ੀ ਠਹਿਰਾਉਂਦਿਆ ਪੁਲਿਸ ਫੋਰਸ ਦਾ ਪੱਖ ਪੂਰਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਸੀ। ਪੁਲਿਸ ‘ਤੇ ਕਹੀਆਂ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ, ਜਿਸ ਕਾਰਨ ਪੁਲਿਸ ਨੂੰ ਕਿਸਾਨਾਂ ‘ਤੇ ਲਾਠੀਚਾਰਜ ਕਰਨਾ ਪਿਆ। ਪੁਲਿਸ ਬਲ ਨੇ ਕਿਸਾਨਾਂ ‘ਤੇ ਸਿਰਫ਼ ਹਲਕਾ ਬਲ ਪ੍ਰਯੋਗ ਕੀਤਾ। ਕਿਸਾਨਾਂ ਨੇ ਸੰਧੀ ਦੀ ਉਲੰਘਣਾ ਕੀਤੀ ਸੀ। ਪੁਲਿਸ ਦੀ ਇਸ ਕਾਰਵਾਈ ਦੀ ਕਿਸਾਨ ਲੀਡਰਾਂ ਸਮੇਤ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਕਿਸਾਨ ਮੋਰਚਾ ਵੱਲੋਂ ਵੀ ਅਗਲੀ ਰਣਨੀਤੀ ਤੈਅ ਕਰਨ ਲਈ ਲੋਕਾਂ ਦੀ ਰਾਏ ਮੰਗੀ ਗਈ ਹੈ।